ਨਿੱਜੀ ਪੱਤਰ ਪ੍ਰੇਰਕ
ਖੰਨਾ, 9 ਮਾਰਚ
ਮਹਾਂ ਸ਼ਿਵਰਾਤਰੀ ਦਿਵਸ ਨੂੰ ਸਮਰਪਿਤ ਅੱਜ ਇਥੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਯਾਤਰਾ ਵਿੱਚ ਅਨੇਕਾਂ ਬੈਂਡ, ਭਜਨ ਮੰਡਲੀਆਂ ਸ਼ਾਮਲ ਸਨ। ਇਸ ਮੌਕੇ ਵੱਖ-ਵੱਖ ਝਾਕੀਆਂ ਸਜਾਈਆਂ ਗਈਆਂ ਅਤੇ ਥਾਂ ਥਾਂ ਪਟਾਖੇ ਚਲਾਏ ਗਏ। ਯਾਤਰਾ ਵਿੱਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਯੂਥ ਕਾਂਗਰਸੀ ਆਗੂ ਅਮਿਤ ਤਿਵਾੜੀ, ਸ਼ੋਭਾ ਯਾਤਰਾ ਦੇ ਸਮੂਹ ਪ੍ਰਬੰਧਕ ਅਤੇ ਹੋੋਰ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ।
ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਸ਼ਾਮ ਨੂੰ ਸ਼ਿਵ ਮੰਦਰ ਵਿੱਚ ਸਮਾਪਤ ਹੋਈ।ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚੋਂ ਦੀ ਹੁੰਦੀ ਹੋਈ ਮੁੱਖ ਬਾਜ਼ਾਰ ’ਚ ਪੁੱਜੀ ਜਿੱਥੇ ਸ਼ਹਿਰ ਵਾਸੀਆਂ ਨੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ।
ਸ਼ੋਭਾ ਯਾਤਰਾ ਦਾ ਥਾਂ-ਥਾਂ ਨਿੱਘਾ ਸਵਾਗਤ
ਸਮਰਾਲਾ(ਪੱਤਰ ਪ੍ਰੇਰਕ): ਮਹਾਸ਼ਿਵਾਰਤਰੀ ਦੇ ਸੰਬੰਧ ’ਚ ਅੱਜ ਸ੍ਰੀ ਨੀਲ ਕੰਠ ਮਹਾਂਦੇਵ ਸੇਵਾ ਸਮਿਤੀ ਸਮਰਾਲਾ ਵੱਲੋਂ ਸਥਾਨਕ ਡੱਬੀ ਬਾਜ਼ਾਰ ਵਾਲਾ ਸ਼ਿਵ ਮੰਦਿਰ ’ਚੋਂ 21ਵੀਂ ਵਿਸ਼ਾਲ ਸ਼ਿਵ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਦੀ ਅਗਵਾਈ ਕਰਨ ਲਈ ਅਨੇਕਾਂ ਸੰਤ-ਮਹਾਤਮਾਂ ਉੱਚੇਚੇ ਤੌਰ ’ਤੇ ਇਥੇ ਪੁੱਜੇ ਹੋਏ ਸਨ। ਬਾਅਦ ਦੁਪਿਹਰ ਸ੍ਰੀ ਡੱਬੀ ਬਜ਼ਾਰ ਸ਼ਿਵ ਮੰਦਰ ਤੋਂ ਸ਼ੁਰੂ ਹੋਈ ਇਹ ਸ਼ਿਵ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚੋਂ ਦੀ ਹੁੰਦੀ ਹੋਈ ਮੁੱਖ ਬਾਜ਼ਾਰ ’ਚ ਪੁੱਜੀ ਜਿੱਥੇ ਸ਼ਹਿਰ ਵਾਸੀਆਂ ਨੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ।
ਸ਼ਿਵਰਾਤਰੀ ਮੌਕੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੀ ਮੰਗ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸ੍ਰੀ ਹਿੰਦੂ ਨਿਆਂ ਪੀਠ ਅਤੇ ਪ੍ਰਮੁਖ ਸਮਾਜ ਸੇਵੀ ਸੰਸਥਾਵਾਂ ਨੇ ਪੁਲੀਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਸ਼ਿਵਰਾਤਰੀ ਮੌਕੇ ਸ਼ਹਿਰ ਵਿੱਚ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਕੀਤੀ ਗਈ। ਪੀਠ ਆਗੂ ਪ੍ਰਵੀਨ ਡੰਗ, ਦਰਸ਼ਨ ਅਰੋੜਾ, ਸੁੰਦਰ ਦਾਸ ਧਮੀਜਾ, ਕੌਂਸਲਲ ਚੋਧਰੀ ਯਸ਼ਪਾਲ, ਪੰਡਿਤ ਰਾਜਨ ਸ਼ਰਮਾ, ਸ਼ਿਵ ਰਾਮ ਸਿਰੋਏ, ਸਿਤੰਬਰ ਸਿੰਘ ਅਤੇ ਸੁਖਵਿੰਦਰ ਭੱਲਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ 11 ਮਾਰਚ ਨੂੰ ਮਹਾਂਸ਼ਿਵਰਾਤਰੀ ਮੌਕੇ ਮੀਟ ਮਾਸ ਦੀਆਂ ਦੁਕਾਨਾਂ ਖੁੱਲ੍ਹਣ ਕਾਰਨ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਪ੍ਰਭਾਵਿਤ ਹੁੰਦੀਆਂ ਹਨ ਇਸ ਲਈ ਇਹ ਦੁਕਾਨਾਂ ਬੰਦ ਕਰਾਉਣ ਦੇ ਹੁਕਮ ਜਾਰੀ ਕੀਤੇ ਜਾਣ।