ਗਗਨਦੀਪ ਅਰੋੜਾ
ਲੁਧਿਆਣਾ, 5 ਅਗਸਤ
ਪੁਲੀਸ ਕਮਿਸ਼ਨਰ ਦਫ਼ਤਰ ਅੱਗੇ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਆਪਣੇ ਸਾਥੀਆਂ ਨਾਲ ਟਰੈਵਲ ਏਜੰਟ ਨਿਤੀਸ਼ ਘਈ ਖ਼ਿਲਾਫ਼ ਪ੍ਰਦਰਸ਼ਨ ਕਰਨ ਪੁੱਜੇ। ਇਸੇ ਦੌਰਾਨ ਨਿਤੀਸ਼ ਘਈ ਦਾ ਪਰਿਵਾਰ ਵੀ ਸ਼ਿਵ ਸੈਨਾ ਪੰਜਾਬ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਇੱਥੇ ਪੁੱਜ ਗਿਆ। ਦੋਵਾਂ ਧਿਰਾਂ ਨੇ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸ਼ਿਵ ਸੈਨਾ ਦੀ ਅਗਵਾਈ ਹੇਠ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਨਿਤੀਸ਼ ਘਈ ਨੇ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਮੋੜੇ। ਇਸ ਦੌਰਾਨ ਪੁਲੀਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਦੋਵਾਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਬਾਅਦ ਵਿੱਚ ਮਾਮਲਾ ਵਿਗੜਦਾ ਦੇਖ ਕੇ ਪੁਲੀਸ ਨੇ ਸ਼ਿਵ ਸੈਨਾ ਪੰਜਾਬ ਦੇ ਮੈਂਬਰਾਂ ਨੂੰ ਧੱਕਾ ਦੇ ਕੇ ਘਸੀਟ ਕੇ ਬਾਹਰ ਕੱਢਿਆ। ਇਸ ਦੌਰਾਨ ਉਨ੍ਹਾਂ ਨੇ ਪੁਲੀਸ ਕਾਰਵਾਈ ਦਾ ਵਿਰੋਧ ਵੀ ਕੀਤਾ। ਸ਼ਿਵ ਸੈਨਾ ਪੰਜਾਬ ਦੇ ਮੈਂਬਰਾਂ ਦਾ ਦੋਸ਼ ਸੀ ਕਿ ਜਿਸ ਵਿਅਕਤੀ ਨੇ ਲੋਕਾਂ ਦੇ ਨਾਲ ਠੱਗੀ ਕੀਤੀ ਹੈ, ਉਸ ਦਾ ਪਰਿਵਾਰ ਅੰਦਰ ਅਧਿਕਾਰੀਆਂ ਦੇ ਕੋਲ ਹੈ ਅਤੇ ਜੋ ਇਨਸਾਫ਼ ਮੰਗਣ ਲਈ ਆਏ ਹਨ, ਉਨ੍ਹਾਂ ਨੂੰ ਧੱਕੇ ਦਿੱਤੇ ਜਾ ਰਹੇ ਹਨ।
ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਦੱਸਿਆ ਕਿ ਨਿਤੀਸ਼ ਘਈ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀ ਮਾਰਨ ਦੇ ਦੋਸ਼ ਹੇਠ ਕਰੀਬ 100 ਤੋਂ ਉਪਰ ਕੇਸ ਦਰਜ ਹਨ। ਉਹ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਫਿਰ ਤੋਂ ਲੋਕਾਂ ਨੂੰ ਸ਼ਿਕਾਰ ਬਣਾਉਣ ’ਚ ਲੱਗਿਆ ਹੈ। ਉਸ ਨੂੰ ਜਲੰਧਰ ਪੁਲੀਸ ਨੇ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਉਸ ਦਾ ਧੰਦਾ ਰੁਕ ਨਹੀਂ ਰਿਹਾ ਹੈ। ਰਾਜੀਵ ਟੰਡਨ ਨੇ ਦੋਸ਼ ਲਾਇਆ ਕਿ ਨਿਤੀਸ਼ ਘਈ ਦੇ ਨਾਲ ਉਸ ਦਾ ਪਰਿਵਾਰ ਵੀ ਧੋਖਾਧੜੀ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲੀਸ ਇਸ ਕਾਰੋਬਾਰ ਪੂਰੀ ਤਰ੍ਹਾਂ ਬੰਦ ਨਹੀਂ ਕਰਦੀ ਅਤੇ ਉਹ ਲੰਮੇ ਸਮੇਂ ਤੱਕ ਜੇਲ੍ਹ ’ਚ ਨਹੀਂ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।
ਨਿਤੀਸ਼ ਘਈ ਦੀ ਪਤਨੀ ਗੁਰਵਿੰਦਰ ਕੌਰ ਨੇ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵਨ ਟੰਡਨ ’ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਉਹ ਇੱਕ ਬਲੈਕਮੇਲਰ ਹੈ ਤੇ ਉਨ੍ਹਾਂ ਤੋਂ ਮੰਦਰ ਦੇ ਨਾਮ ’ਤੇ 10 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਜਦੋਂ ਉਨ੍ਹਾਂ ਪੈਸੇ ਨਹੀਂ ਦਿੱਤੇ ਤਾਂ ਉਨ੍ਹਾਂ ਖਿਲਾਫ਼ ਧਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਟੰਡਨ ਉਨ੍ਹਾਂ ਖਿਲ਼ਾਫ਼ ਜਿੱਥੇ ਵੀ ਪ੍ਰਦਰਸ਼ਨ ਕਰੇਗਾ, ਉਹ ਬਰਾਬਰ ਪ੍ਰਦਰਸ਼ਨ ਕਰਨਗੇ। ਗੁਰਵਿੰਦਰ ਨੇ ਜੀਐੱਸਟੀ ਵਿੱਚ ਚੂਨਾ ਲਾਉਣ ਸਬੰਧੀ ਸ਼ਿਕਾਇਤ ’ਤੇ ਟੰਡਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਜਾਂਚ ਮਗਰੋਂ ਕੀਤੀ ਜਾਵੇਗੀ ਕਾਰਵਾਈ: ਏਡੀਸੀ
ਪੁਲੀਸ ਨੇ ਇੱਕ-ਇੱਕ ਕਰ ਦੋਹਾਂ ਪੱਖਾਂ ਨੂੰ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨਾਲ ਮਿਲਵਾ ਕੇ ਮਾਮਲਾ ਸ਼ਾਂਤ ਕਰਵਾ ਕੇ ਵਾਪਸ ਭੇਜਿਆ। ਏਸੀਪੀ ਹਰੀਸ਼ ਬਹਿਲ ਨੇ ਦੱਸਿਆ ਕਿ ਦੋਵੇਂ ਪਾਸਿਓ ਸ਼ਿਕਾਇਤਾਂ ਲੈ ਲਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।