ਨਿੱਜੀ ਪੱਤਰ ਪ੍ਰੇਰਕ
ਖੰਨਾ, 15 ਫ਼ਰਵਰੀ
ਪੰਜਾਬ ਸਰਕਾਰ ਦੇ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਹਲਕੇ ’ਚ ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਮੰਤਰੀ ਕੋਟਲੀ ਦੇ ਵਿਕਾਸ ਕਾਰਜਾਂ ਦੇ ਦਾਅਵਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਭਗਤ ਪੂਰਨ ਸਿੰਘ ਦੇ ਜੱਦੀਂ ਪਿੰਡ ਰਾਜੇਵਾਲ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਕਾਂਗਰਸ ਦੇ ਇਕ ਬੁਲਾਰੇੇ ਵੱਲੋਂ ਪਿੰਡ ’ਚ ਵਿਕਾਸ ਕੰਮ ਗਿਣਾਏ ਜਾ ਰਹੇ ਸਨ ਪ੍ਰੰਤੂ ਇਸੇ ਦੌਰਾਨ ਪਿੰਡ ਦੇ ਇਕ ਨੌਜਵਾਨ ਨੇ ਮੰਤਰੀ ਕੋਟਲੀ ਦੀ ਹਾਜ਼ਰੀ ’ਚ ਵਿਕਾਸ ਕੰਮਾਂ ਦਾ ਖੰਡਨ ਕਰਦਿਆਂ ਮੰਤਰੀ ਨੂੰ ਤਿੱਖੇ ਸਵਾਲ ਦਾਗੇ। ਮੰਤਰੀ ਦੇ ਵਿਰੋਧ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਨਾਲ ਸੱਥ ’ਚ ਮਾਹੌਲ ਤਨਾਅਪੂਰਨ ਬਣ ਗਿਆ। ਮੰਤਰੀ ਦੇ ਵਿਕਾਸ ਦਾਅਵਿਆਂ ਦੀ ਸ਼ੋਸ਼ਲ ਮੀਡੀਆ ਤੇ ਫੂਕ ਨਿਕਲਦੀ ਨਜ਼ਰ ਆਈ। ਪਿੰਡ ਵਿਖੇ ਇੱਕਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਇਕ ਬੁਲਾਰੇ ਨੇ ਕਿਹਾ ਕਿ ਪਿੰਡ ਵਿਚ ਝੂਲੇ ਲਵਾਏ ਤੇ ਪਾਰਕ ਬਣਵਾ ਕੇ ਫੁਹਾਰੇ ਲਗਵਾਏ ਹਨ, ਤਾਂ ਇਕੱਠ ਵਿਚੋਂ ਇਕ ਨੌਜਵਾਨ ਨੇ ਕਿਹਾ ਕਿ ਕਿੱਥੇ ਲਗਾਏ ਗਏ ਹਨ, ਜਿਸ ਦਾ ਕਾਂਗਰਸੀ ਆਗੂ ਨੇ ਕੋਈ ਜਵਾਬ ਨਾ ਦਿੱਤਾ ਤੇ ਨੌਜਵਾਨ ਨੂੰ ਰੋਕਣ ਦਾ ਯਤਨ ਕੀਤਾ ਗਿਆ। ਇਸ ਦੌਰਾਨ ਇਕ ਪੁਲੀਸ ਮੁਲਾਜ਼ਮ ਵੀ ਵੀਡੀਓ ਬਣਾਉਣ ਵਾਲੇ ਵਿਅਕਤੀ ਵੱਲ ਵਧਿਆ ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।