ਪੱਤਰ ਪ੍ਰੇਰਕ
ਸਮਰਾਲਾ, 25 ਮਈ
ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ (ਸੰਘਰਸ਼ੀ) ਦੀ ਮੀਟਿੰਗ ਪ੍ਰੇਮ ਸਾਗਰ ਸ਼ਰਮਾ, ਧਰਮਪਾਲ ਚਮਕੌਰ ਸਾਹਿਬ, ਦੇਸ ਰਾਜ ਗਾਂਧੀ ਜਲਾਲਾਬਾਦ, ਸਰੂਪ ਸਿੰਘ ਖੰਨਾ, ਸਰਵਣ ਸਿੰਘ ਨੂਰਪੁਰ ਬੇਦੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੈਨਸ਼ਨਰਾਂ ਦੀ ਭੱਖਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਤਿੱਖੇ ਸੰਘਰਸ਼, ਧਰਨੇ, ਮੁਜਾਹਰੇ ਅਤੇ ਰੈਲੀਆਂ ਕਰਕੇ ਪੰਜਾਬ ਸਰਕਾਰ ਤੇ ਦਬਾਅ ਪਾਉਣ ’ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਪਿਛਲੀ ਸਰਕਾਰ ਵੱਲੋਂ ਮੰਗੀਆਂ ਮੰਗਾਂ ਮਨਵਾਉਣ ’ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਵਿੱਚ ਮੰਗਾਂ ਨਾ ਮੰਨਣ ’ਤੇ ਤਿੱਖਾ ਸੰਘਰਸ਼ ਵਿੱਢਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਪ੍ਰੇਮ ਸਾਗਰ ਸ਼ਰਮਾ ਸਮਰਾਲਾ ਨੂੰ 11ਵੀਂ ਵਾਰ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ (ਸੰਘਰਸ਼ੀ) ਦਾ ਪ੍ਰਧਾਨ ਅਤੇ ਧਰਮਪਾਲ ਚਮਕੌਰ ਸਾਹਿਬ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਮੌਕੇ ਸਮੁੱਚੀ ਟੀਮ ਵੱਲੋਂ 30 ਮਈ ਨੂੰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਹੋਣ ਵਾਲੀ ਪੰਜਾਬ ਪੱਧਰੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਦਿੱਤੀ ਗਈ।
ਪੈਨਸ਼ਨਰਾਂ ਨੇ ਸਰਾਭਾ ਦਾ ਜਨਮ ਦਿਨ ਮਨਾਇਆ
ਜਗਰਾਉਂ (ਪੱਤਰ ਪ੍ਰੇਰਕ): ਪੰਜਾਬ ਪੈਨਸ਼ਨਜ਼ ਯੂਨੀਅਨ (ਰਜ਼ਿ) ਜਗਰਾਉਂ ਇਕਾਈ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 127 ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਚਰਨ ਸਰਾਭਾ,ਕਾਮਰੇਡ ਗੁਲਜ਼ਾਰ ਪੰਧੇਰ ਨੇ ਆਖਿਆ ਕਿ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਤੇ ਅਗਾਂਹਵਧੂ ਉਸਾਰੂ ਸੋਚ ਦੇ ਧਾਰਨੀ ਬਣਾਉਣ ਲਈ ਦੇਸ਼ ਦੇ ਸ਼ਹੀਦਾਂ ਦਾ ਇਤਿਹਾਸ ਪੜ੍ਹਾਉਣਾ ਚਾਹੀਦਾ ਹੈ। ਇਸ ਮੌਕੇ ਅਵਤਾਰ ਗਗੜਾ,ਪਰਮਜੀਤ ਪੰਮੀ, ਜਗਸੀਰ ਸਿੰਘ ਨੇਰ੍ਹੀ,ਜਸਵੰਤ ਸਿੰਘ ਬਿਜਲੀ ਬੋਰਡ, ਗੁਰਮੇਲ ਮੈਲਡੇ ਨੇ ਕਿਹਾ ਕਿ ਸ਼ਹੀਦਾਂ ਦਾ ਸੁਪਨਿਆਂ ਦਾ ਸਿਰਜਿਆ ਦੇਸ਼ ਰਾਜ ਲੋਕਾਂ ਨੂੰ ਨਾਂ ਦੇ ਕੇ ਦੇਸ਼ ਦੇ ਨੇਤਾ ਮਹਿੰਗਾਈ, ਬੇਰੁਜ਼ਗਾਰੀ, ਨਿੱਜੀ ਅਦਾਰਿਆਂ ਨੂੰ ਉਤਸ਼ਾਹਿਤ ਕਰਨ ਦੇ ਧੰਦੇ ਲੱਗ ਗਏ ਹਨ। ਉਨ੍ਹਾਂ ਮਾੜੇ ਦੇਸ਼ ਪ੍ਰਬੰਧ ਖਿਲਾਫ ਇੱਕਜੁਟ ਹੋਣ ਦਾ ਸੱਦਾ ਦਿੱਤਾ।