ਸੰਤੋਖ ਗਿੱਲ
ਰਾਏਕੋਟ, 26 ਸਤੰਬਰ
ਇਨਕਲਾਬੀ ਕੇਂਦਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਲਾਗਲੇ ਪਿੰਡ ਧੂਰਕੋਟ ਵਿਚ ਸ਼ਹੀਦ ਭਗਤ ਸਿੰਘ ਦੀ ਵਿਗਿਆਨਕ ਵਿਚਾਰਧਾਰਾ ਦਾ ਸੁਨੇਹਾ ਦੇਣ ਲਈ ਇਨਕਲਾਬੀ ਕਾਨਫਰੰਸ ਕੀਤੀ ਗਈ। ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੇ ਨੌਜਵਾਨਾਂ, ਮਜ਼ਦੂਰਾਂ, ਕਿਸਾਨਾਂ ਅਤੇ ਇਨਕਲਾਬੀ ਦਾਨਸ਼ਮੰਦਾਂ ਨੂੰ ਨਵੇਂ ਸਮਾਜ ਦੀ ਸਿਰਜਣਾ ਦਾ ਸੱਦਾ ਦਿੱਤਾ ਸੀ, ਜਿਸ ਵਿੱਚ ਸਮਾਜਿਕ ਅਤੇ ਆਰਥਿਕ ਅਨਿਆਂ ਅਸੰਭਵ ਹੋਵੇ।
ਉਨ੍ਹਾਂ 28 ਸਤੰਬਰ ਨੂੰ ਬੱਸੀਆਂ ਵਿਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਾਫ਼ਲੇ ਬੰਨ੍ਹ ਕੇ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਖਿੜੇ ਮੱਥੇ ਮੌਤ ਨੂੰ ਕਬੂਲਿਆ ਤਾਂ ਕਿ ਉਨ੍ਹਾਂ ਦੇ ਵਾਰਸ ਚੰਗੇਰਾ ਜੀਵਨ ਬਿਤਾ ਸਕਣ। ਉਨ੍ਹਾਂ ਅਣਥੱਕ ਘਾਲਣਾ ਕੀਤੀ ਅਤੇ ਭੁੱਖ-ਨੰਗ ਨਾਲ ਲਤਾੜੀ ਭਾਰਤੀ ਜਨਤਾ ਲਈ ਕੁਰਬਾਨ ਹੋ ਗਏ। ਬੀਕੇਯੂ ਏਕਤਾ (ਡਕੌਂਦਾ) ਦੇ ਬਲਾਕ ਜਨਰਲ ਸਕੱਤਰ ਤਾਰਾ ਸਿੰਘ ਅੱਚਰਵਾਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਵੀ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ ਤੇ ਔਰਤਾਂ ਦੀ ਮੁਕਤੀ ਲਈ ਰਾਹ ਦਸੇਰਾ ਹੈ।
ਕਿਸਾਨ ਆਗੂ ਸਰਬਜੀਤ ਸਿੰਘ ਧੂਰਕੋਟ, ਸਾਧੂ ਸਿੰਘ ਚੱਕ ਭਾਈਕਾ, ਗੁਰਤੇਜ ਸਿੰਘ ਨੱਥੋਵਾਲ, ਦਰਸ਼ਨ ਸਿੰਘ ਜਲਾਲਦੀਵਾਲ ਅਤੇ ਭਵਨਪ੍ਰੀਤ ਕੌਰ ਤੋਂ ਇਲਾਵਾ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।