ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਅਪਰੈਲ
‘ਪੰਜਾਬੀ ਵਿਦਰੋਹੀ ਪਰੰਪਰਾ ’ਚ ਭਗਤ ਸਿੰਘ ਦਾ ਮੁਕਾਮ’ ਵਿਸ਼ੇ ’ਤੇ ਅੱਜ ਖ਼ਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਖੁਰਦ ਵਿੱਚ ਪ੍ਰਸਾਰ ਭਾਸ਼ਣ ਕਰਵਾਇਆ ਗਿਆ। ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਸੰਸਥਾ ’ਚ ਇਹ ਪ੍ਰਸਾਰ ਭਾਸ਼ਣ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਨੇ ਕਰਵਾਇਆ, ਜਿਸ ’ਚ ਪ੍ਰਮੁੱਖ ਬੁਲਾਰੇ ਇਤਿਹਾਸਕਾਰ ਅਤੇ ਅਦਾਰਾ 23 ਮਾਰਚ ਦੇ ਡਾਇਰੈਕਟਰ ਡਾ. ਸੁਮੇਲ ਸਿੰਘ ਸਿੱਧੂ ਸਨ। ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਟਰੱਸਟ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਮੁੱਖ ਮਹਿਮਾਨ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਹਿਣ ਉਪਰੰਤ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਜਾਣ-ਪਛਾਣ ਕਰਵਾਈ। ਡਾ. ਸਿੱਧੂ ਨੇ ਆਪਣੇ ਭਾਸ਼ਣ ’ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ਅਤੇ ਇਤਿਹਾਸਕ ਅਹਿਮ ਪਹਿਲੂ ਸਰੋਤਿਆਂ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਪੰਜਾਬੀ ਸਾਹਿਤ ’ਚ ਲੋਕ ਗਥਾਵਾਂ ਦੇ ਇਸ਼ਕ ਹਕੀਕੀ ਨੂੰ ਦੇਸ਼ ਭਗਤਾਂ ਦੀ ਕੁਰਬਾਨੀ ਨਾਲ ਜੋੜ ਕੇ ਆਪਣੇ ਭਾਸ਼ਣ ਨੂੰ ਦਾਰਸ਼ਨਿਕ ਪਰਿਪੇਖ ਤੋਂ ਪੇਸ਼ ਕੀਤਾ। 1857 ਦੀ ਗਦਰ, 1845-46 ਦੇ ਐਂਗਲੋ ਸਿੱਖ ਯੁੱਧ, ਮਹਾਰਾਜਾ ਰਣਜੀਤ ਸਿੰਘ ਦਾ ਯੁੱਗ, ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ, ਜਸਵੰਤ ਸਿੰਘ ਕੰਵਲ, ਮਨਸੂਰ ਉੱਲ ਹਲਾਜ਼, ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਭਕਨਾ, ਭਗਤ ਸਿੰਘ ਦੇ ਦਾਦਾ ਅਰਜਨ ਸਿੰਘ, ਫਤਹਿ ਸਿੰਘ, ਚਾਚਾ ਸਵਰਨ ਸਿੰਘ, ਚਾਚਾ ਅਜੀਤ ਸਿੰਘ ਅਤੇ ਚਾਚੀ ਹਰਨਾਮ ਕੌਰ ਦਾ ਹਵਾਲਾ ਦਿੰਦੇ ਹੋਏ ਡਾ. ਸਿੱਧੂ ਨੇ ਪੰਜਾਬੀ ਵਿਦਰੋਹੀ ਪਰੰਪਰਾ ਤੋਂ ਜਾਣੂ ਕਰਵਾਇਆ। ਭਗਤ ਸਿੰਘ ਦੇ ਜੀਵਨ ਪਿਛੋਕੜ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਜੀਵਨ ਕਾਲ ’ਚ ਗਦਰ ਲਹਿਰ, ਸੋਵੀਅਤ ਯੂਨੀਅਨ ਦੇ ਮਾਰਕਸਵਾਦ ਅਤੇ ਸਿੱਖ ਪਰੰਪਰਾ ’ਚ ਸ਼ਹਾਦਤ ਦੇ ਸੰਕਲਪ ਤੋਂ ਪ੍ਰਭਾਵਿਤ ਹੋਏ ਪਰ ਉਨ੍ਹਾਂ ਦੀ ਆਪਣੀ ਇੱਕ ਵੱਖਰੀ ਵਿਚਾਰਧਾਰਾ ਸੀ। ਉਹ ਇੱਕ ਬੌਧਿਕ ਚਿੰਤਕ, ਕ੍ਰਾਂਤੀਕਾਰੀ ਅਤੇ ਸਾਹਿਤਕਾਰ ਸਨ। ਮੁੱਖ ਬੁਲਾਰੇ ਨੇ ਉਨ੍ਹਾਂ ਦੇ ਜੀਵਨ ਦੀਆਂ ਘਟਨਾਵਾਂ ਨੂੰ ਵੱਖ-ਵੱਖ ਸੰਦਰਭਾਂ ਦੇ ਹਵਾਲੇ ’ਚ ਪੇਸ਼ ਕੀਤਾ। ਵਿਚਾਰ-ਵਟਾਂਦਰਾ ਸੈਸ਼ਨ ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋ. ਅਦਿੱਤਿਆ ਮੁਖਰਜੀ ਅਤੇ ਮਿਰਦੁਲਾ ਮੁਖਰਜੀ, ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਸੁਖਦੇਵ ਸਿੰਘ ਸੋਹਲ, ਜੀਐੱਚਜੀ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਤੋਂ ਅਰਥ ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਡਾ. ਬਲਵਿੰਦਰਪਾਲ ਸਿੰਘ, ਜੀਐੱਚਜੀ ਹਰਿਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਦੇ ਡਾ. ਜਗਮਿੰਦਰ ਕੌਰ ਅਤੇ ਮੇਜ਼ਬਾਨ ਕਾਲਜ ਦੇ ਪ੍ਰੋ. ਗਗਨਦੀਪ ਧਾਰਨੀ, ਪ੍ਰੋ. ਹਰਦੀਪ ਕੌਰ ਤੋਂ ਇਲਾਵਾ ਹੋਰ ਕਾਲਜਾਂ ਦੇ 99 ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਤਿਹਾਸ ਵਿਭਾਗ ਦੇ ਮੁਖੀ ਡਾ. ਨਵਦੀਪ ਕੌਰ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ।