ਦੇਵਿੰਦਰ ਸਿੰਘ ਜੱਗੀ
ਪਾਇਲ, 17 ਨਵੰਬਰ
ਇੱਥੋਂ ਪਿੰਡ ਦਾਊਮਾਜਰਾ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਰਾਧਾ ਕ੍ਰਿਸ਼ਨ ਗਊਸ਼ਾਲਾ ਅਤੇ ਪ੍ਰਾਚੀਨ ਮਹਾਦੇਵ ਮੰਦਰ ਨੂੰ ਜਾਣ ਵਾਲੇ ਸ਼ਰਧਾਲੂਆਂ ਅਤੇ ਰਾਹਗੀਰਾਂ ਨੂੰ ਸੜਕ ’ਤੇ ਖੜੇ ਸੀਵਰੇਜ ਵਾਲੇ ਗੰਦੇ ਪਾਣੀ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਮਹਾਦੇਵ ਮੰਦਰ ਸਾਹਮਣੇ ਬਣਿਆ ਸੀਵਰੇਜ ਟਰੀਟਮੈਂਟ ਪਲਾਂਟ ਚਿੱਟਾ ਹਾਥੀ ਬਣਿਆ ਖੜ੍ਹਾ ਹੈ, ਜਿਸ ਕਾਰਨ ਗੰਦੇ ਪਾਣੀ ਵਾਲੀ ਪਾਈਪਲਾਈਨ ’ਤੇ ਥਾਂ-ਥਾਂ ਲੱਗੇ ਗੱਟਰਾਂ ਦੇ ਢੱਕਣਾ ਰਾਹੀਂ ਓਵਰਫਲੋਅ ਹੋਇਆ ਗੰਦਾ ਪਾਣੀ ਸੜਕ ’ਤੇ ਆਉਣ ਕਾਰਨ ਕਾਰਨ ਸੜਕ ਉੱਪਰ ਟੋਏ ਪੈ ਚੁੱਕੇ ਹਨ। ਇਸ ਬੁਦਬੂਦਾਰ ਗੰਦੇ ਪਾਣੀ ਕੋਲੋਂ ਲੰਘਣ ਵੇਲੇ ਮਹਾਦੇਵ ਮੰਦਰ ਨੂੰ ਜਾਣ ਵਾਲੇ ਸ਼ਰਧਾਲੂਆਂ ਅਤੇ ਦਾਊਮਾਜਰਾ, ਘੁਰਾਲਾ ਜਾਣ ਵਾਲੇ ਰਾਹਗੀਰਾਂ ਨੂੰ ਮੂੰਹ-ਨੱਕ ਢੱਕ ਕੇ ਲੰਘਣਾ ਪੈ ਰਿਹਾ ਹੈ। ਗਊਸ਼ਾਲਾ ਦੇ ਪ੍ਰਬੰਧਕ ਸਤੀਸ਼ ਕੁਮਾਰ ਨੇ ਦੱਸਿਆ ਕਿ ਇਹ ਸੀਵਰੇਜ ਪਲਾਂਟ ਉਲਟ ਦਿਸ਼ਾ ਵਿੱਚ ਬਣਿਆ ਹੋਣ ਕਰਕੇ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਇਸ ਕਰਕੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬੁਦਬੂਦਾਰ ਪਾਣੀ ਸੜਕ ’ਤੇ ਖੜ੍ਹਾ ਰਹਿੰਦਾ ਹੈ। ਲੋਕਾਂ ਦੀ ਮੰਗ ਹੈ ਕਿ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।
ਕੀ ਕਹਿਣਾ ਹੈ ਕੌਂਸਲ ਅਧਿਕਾਰੀ ਦਾ
ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀ ਮੋਹਨ ਸਿੰਘ ਔਜਲਾ ਨੇ ਕਿਹਾ ਕਿ ਸੀਵਰੇਜ ਗਲਾਡਾ ਕੰਪਨੀ ਵੱਲੋਂ ਪਾਇਆ ਗਿਆ ਹੈ, ਜਿਸ ਨੂੰ ਮੁਕੰਮਲ ਕਰਕੇ ਨਗਰ ਕੌਂਸਲ ਰਾਹੀਂ ਪੰਜਾਬ ਵਾਟਰ ਸੀਵਰੇਜ ਬੋਰਡ ਨੂੰ ਦੇਣਾ ਸੀ ਪਰ ਉਸਦਾ ਚਾਰਜ ਨਹੀਂ ਦਿੱਤਾ ਗਿਆ, ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ।