ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਜੁਲਾਈ
ਇਥੋਂ ਦੇ ਅਮਲੋਹ ਰੋਡ ਸਥਿਤ ਵਾਰਡ ਨੰਬਰ-12 ਦੇ ਲੋਕਾਂ ਦੀ ਸਹੂਲਤ ਲਈ ਪਾਇਆ ਸੀਵਰੇਜ ਮੁਸੀਬਤ ਬਣ ਗਿਆ ਹੈ। ਗੁਰੂ ਨਾਨਕ ਨਗਰ ਦੀ ਮੁੱਖ ਗਲੀ ’ਚ ਗਲਤ ਢੰਗ ਨਾਲ ਸੀਵਰੇਜ ਦੀ ਢਲਾਣ ਦੇਣ ਕਰਕੇ ਪਾਣੀ ਦੇਣ ਕਰਕੇ ਪਾਣੀ ਦਾ ਵਹਾਅ ਉਲਟ ਦਿਸ਼ਾ ਨੂੰ ਹੋ ਰਿਹਾ ਹੈ, ਜਿਸ ਕਾਰਨ ਗੰਦਾ ਪਾਣੀ ਗਲੀਆਂ ਵਿਚ ਖੜ੍ਹਾ ਰਹਿੰਦਾ ਹੈ। ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਨਾਲ ਕੇਂਦਰ ਸਰਕਾਰ ਦੀ ‘ਅਮਰੂਤ ਸਕੀਮ’ ਤਹਿਤ ਸ਼ਹਿਰ ’ਚ ਕਰੋੜਾਂ ਦੀ ਲਾਗਤ ਨਾਲ ਪਾਈਆਂ ਸੀਵਰੇਜ ਲਾਈਨਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਘਰਾਂ ਅੰਦਰ ਵੜ੍ਹ ਰਿਹਾ ਹੈ। ਦੱਸਣਯੋਗ ਹੈ ਕਿ 11 ਜੁਲਾਈ 2022 ਨੂੰ ਕੌਂਸਲ ਦੀ ਮੀਟਿੰਗ ’ਚ ਸ਼ਹਿਰ ਦੀ ਬਦ ਤੋਂ ਬਦਤਰ ਸਫ਼ਾਈ ਵਿਵਸਥਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਜਿਸ ਤੇ ਕੌਂਸਲਰਾਂ ਨੇ ਇਕਮਤ ਹੋ ਕੇ ਨਾਜਾਇਜ਼ ਕਲੋਨੀਆਂ ’ਚ ਸੀਵਰੇਜ ਪਾਉਣ ਦੇ ਦੋਸ਼ ਬੋਰਡ ਦੇ ਅਧਿਕਾਰੀਆਂ ਤੇ ਲਾਏ ਸਨ। ਇਸ ਮੌਕੇ ਕੌਂਸਲਰ ਜਸਦੀਪ ਕੌਰ ਯਾਦੂ ਤੇ ਗੁਰਮੀਤ ਨਾਗਪਾਲ ਨੇ ਕਿਹਾ ਕਿ ਇਸ ਸਮੱਸਿਆ ਸਬੰਧੀ ਕੌਂਸਲ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ, ਪਰ ਕੋਈ ਅਸਰ ਨਹੀਂ ਹੋਇਆ। ਗਲੀਆਂ ’ਚ ਚਿੱਕੜ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਅਤੇ ਬਿਮਾਰੀ ਦੇ ਫੈਲਣ ਦਾ ਖ਼ਤਰਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਵਾ ਕੇ ਅਣਗਹਿਲੀ ਲਈ ਜ਼ਿੰਮਵਾਰ ਵਿਅਕਤੀਆਂ ਖ਼ਿਲਾਫ ਕਾਰਵਾਈ ਕੀਤੀ ਜਾਵੇ। ਸੀਵਰੇਜ ਬੋਰਡ ਦੇ ਐੱਸ.ਡੀ.ਓ ਸੁਖਪਾਲ ਸਿੰਘ ਨੇ ਕਿਹਾ ਕਿ ਸੀਵਰੇਜ ਸਹੀ ਪਾਇਆ ਗਿਆ ਹੈ। ਇਸ ਦੀ ਜਾਂਚ ਕਰਵਾਈ ਜਾ ਸਕਦੀ ਹੈ, ਅੱਗੇ ਮੇਨ ਲਾਈਨ ਨਹੀਂ ਖੋਲ੍ਹੀ ਗਈ, ਜਿਸ ਕਾਰਨ ਸਮੱਸਿਆ ਬਣੀ ਹੋਈ ਹੈ, ਜਿਸ ਨੂੰ ਕੌਂਸਲ ਨੇ ਦੇਖਣਾ ਹੈ।
ਸੀਵਰੇਜ ਦੀ ਸਮੱਸਿਆ ਕਾਰਨ ਨਗਰ ਕੌਂਸਲ ਖ਼ਿਲਾਫ਼ ਧਰਨਾ
ਦੋਰਾਹਾ (ਪੱਤਰ ਪ੍ਰੇਰਕ): ਲੰਬੇ ਸਮੇਂ ਤੋਂ ਦੋਰਾਹਾ ਸ਼ਹਿਰ ਦੀ ਮੁੱਖ ਸੀਵਰੇਜ ਨਾਲ ਜੂਝ ਰਹੇ ਲੋਕਾਂ ਨੇ ਰਾਜਿੰਦਰ ਗਹੀਰ, ਆਪ ਆਗੂ ਗੁਰਚਰਨ ਸਿੰਘ ਕਾਲਾ, ਕੌਂਸਲਰ ਸਰਬਜੀਤ ਸਿੰਘ ਸੇਠੀ ਦੀ ਅਗਵਾਈ ਹੇਠਾਂ ਬੇਅੰਤ ਸਿੰਘ ਚੌਕ ਤੇ ਰਾਜਵੰਤ ਹਸਪਤਾਲ ਸਾਹਮਣੇ ਧਰਨਾ ਲਾਇਆ। ਰਜਿੰਦਰ ਗਹੀਰ ਨੇ ਕਿਹਾ ਕਿ ਸ਼ਹਿਰ ਅੰਦਰ ਕਈ ਜਗ੍ਹਾ ਤੇ ਸੀਵਰੇਜ ਦਾ ਪਾਣੀ ਖੜ੍ਹਾ ਹੋ ਗਿਆ ਹੈ, ਜਿਸ ਕਾਰਨ ਸ਼ਹਿਰ ਵਾਸੀ ਨਗਰ ਕੌਂਸਲ ਤੋਂ ਦੁਖੀ ਹਨ। ਗੰਦਾ ਪਾਣੀ ਗਲੀਆਂ ਦੇ ਨਾਲ ਨਾਲ ਘਰਾਂ ’ਚ ਦਾਖਲ ਹੋ ਚੁੱਕਾ ਹੈ ਪਰ ਕੌਂਸਲ ਗੰਦੇ ਪਾਣੀ ਦਾ ਕੋਈ ਨਿਕਾਸ ਨਹੀਂ ਕਰ ਰਹੀ ਤੇ ਪ੍ਰਸਾਸ਼ਨਿਕ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਜੈਪੁਰਾ ਰੋਡ ਸਮੇਤ ਤਿੰਨ ਵਾਰਡ ਸੀਵਰੇਜ ਦੇ ਪਾਣੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਵਾਰਡ ਨੰਬਰ 14 ਦੇ ਕੌਂਸਲਰ ਸਰਬਜੀਤ ਸਿੰਘ ਵਿਪਨ ਸੇਠੀ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਦਾ ਬੁਰਾ ਹਾਲ ਹੈ ਕਿਉਂਕਿ ਪਹਿਲਾ ਕਾਂਗਰਸ ਨੇ ਵਾਰਡ ਦਾ ਕੁਝ ਨਹੀਂ ਕੀਤਾ ਕਿਉਂਕਿ ਇਥੇ ਕੌਂਸਲਰ ਅਕਾਲੀ ਦਲ ਦਾ ਹੈ। ਕੌਂਸਲ ਪ੍ਰਧਾਨ ਸੁਦਰਸ਼ਨ ਪੱਪੂ ਇਸ ਸਮੱਸਿਆ ਨੂੰ ਹੱਲ ਕਰਨ ਤੋਂ ਨਕਾਮ ਰਹੇ ਹਨ। ਜਿਸ ਤੋਂ ਦੁਖੀ ਲੋਕਾਂ ਨੇ ਕੌਂਸਲ ਤੇ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ। ਇਸ ਮੌਕੇ ਐੱਸ.ਡੀ.ਐੱਮ ਜਸਲੀਨ ਕੌਰ ਭੁੱਲਰ ਨੇ ਧਰਨੇ ਵਾਲੀ ਥਾਂ ਤੇ ਪੁੱਜ ਕੇ ਲੋਕਾਂ ਨਾਲ ਗੱਲਬਾਤ ਕਰਕੇ ਧਰਨਾ ਚੁੱਕਾ ਦਿੱਤਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੋਰਾਹਾ ਵਿੱਚ ਇਸ ਸਬੰਧੀ ਗੱਲਬਾਤ ਕਰਨ ਆਉਣਗੇ ਤੇ ਅਧਿਕਾਰੀਆਂ ਸਾਹਮਣੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ।