ਪੱਤਰ ਪ੍ਰੇਰਕ
ਮਾਛੀਵਾੜਾ, 13 ਜੂਨ
ਸਥਾਨਕ ਪੁਲੀਸ ਵੱਲੋਂ ਲੰਘੀ 27 ਮਈ ਨੂੰ ਗਊਆਂ ਦੀ ਹੱਤਿਆ ਦੇ ਦੋਸ਼ ਹੇਠ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਸਬੰਧੀ ਪੜਤਾਲ ਕਰਦਿਆਂ ਪੁਲੀਸ ਨੇ ਗਊਆਂ ਦੀ ਹੱਤਿਆ ਕਰ ਕੇ ਮਾਸ ਵੇਚਣ ਵਾਲੇ ਗਰੋਹ ਦੇ ਸੱਤ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਵਿੱਚ ਸਬੀਰ, ਲਤੀਫ਼, ਲਾਲ ਹੁਸੈਨ ਕਲੂਲ, ਬਰਕਤ ਅਲੀ, ਹਨੀਫ਼, ਮੁਹੰਮਦ ਅਕਰਮ, ਮੁਹੰਮਦ ਇਰਸ਼ਾਦ ਸ਼ਾਮਲ ਹਨ।
ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੁਲੀਸ ਵੱਲੋਂ ਸਰਹਿੰਦ ਨਹਿਰ ’ਚੋਂ ਗਊਆਂ ਦੇ ਮਿਲੇ ਅੰਸ਼ਾਂ ਤੋਂ ਬਾਅਦ ਸਮਰਾਲਾ ਵਾਸੀ ਰਮਨ ਕੁਮਾਰ ਦੇ ਬਿਆਨਾਂ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਐੱਸਪੀ (ਡੀ) ਅਮਨਦੀਪ ਸਿੰਘ ਬਰਾੜ ਅਤੇ ਡੀਐੱਸਪੀ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਮੁਖੀ ਵਿਜੈ ਕੁਮਾਰ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਪੁਲੀਸ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਮੁਲਜ਼ਮ ਦੋ ਛੋਟੇ ਹਾਥੀਆਂ ’ਤੇ ਪਵਾਤ ਪੁਲ ਤੋਂ ਗੜ੍ਹੀ ਤਰਖਾਣਾ ਵੱਲ ਆ ਰਹੇ ਹਨ। ਇਸ ਦੌਰਾਨ ਪੁਲੀਸ ਨੇ ਦੋਵੇਂ ਵਾਹਨਾਂ ਨੂੰ ਰੋਕ ਕੇ ਸੱਤ ਜਣਿਆਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੇ ਕਬਜ਼ੇ ’ਚੋਂ ਮੂਹਰੀਆਂ, ਰੱਸੇ, ਅੱਠ ਸੂਏ, ਦੋ ਕੁਹਾੜੀਆਂ, ਇੱਕ ਦਾਤਰ, ਇੱਕ ਵੱਡੀ ਛੁਰੀ ਅਤੇ 16 ਛੋਟੀਆਂ ਛੁਰੀਆਂ ਬਰਾਮਦ ਕੀਤੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗਰੋਹ ਦੇ 17 ਮੈਂਬਰਾਂ ਦੀ ਪਛਾਣ ਹੋ ਗਈ ਹੈ। ਇਨ੍ਹਾਂ ’ਚੋਂ ਸੱਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਗਰੋਹ ਦਾ ਮੁੱਖ ਸਰਗਣਾ ਦੀ ਗ੍ਰਿਫ਼ਤਾਰੀ ਲਈ ਵੀ ਪੁਲੀਸ ਵਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਗਰੋਹ ਪਿਛਲੇ ਇੱਕ ਸਾਲ ਤੋਂ ਸਰਗਰਮ ਸੀ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ ਅਤੇ ਇਹ ਗਰੋਹ ਯੂਪੀ ਵਿਚ ਕਿੱਥੇ ਮੀਟ ਸਪਲਾਈ ਕਰਦਾ ਸੀ, ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਸੜਕ ’ਤੇ ਘੁੰਮਦੀਆਂ ਗਊਆਂ ਫੜਦੇ ਸੀ ਮੁਲਜ਼ਮ
ਮਾਛੀਵਾੜਾ ਇਲਾਕੇ ਵਿੱਚ ਗਊਆਂ ਦੀ ਹੱਤਿਆ ਕਰਨ ਵਾਲਾ ਗਰੋਹ ਪਿਛਲੇ 1 ਸਾਲ ਤੋਂ ਸਰਗਰਮ ਸੀ। ਇਹ ਸੜਕਾਂ ’ਤੇ ਘੁੰਮਦੀਆਂ ਗਊਆਂ ਨੂੰ ਕਾਬੂ ਕਰ ਕੇ ਟੈਂਪੂ ਵਿਚ ਲੱਦ ਕੇ ਸਰਹਿੰਦ ਨਹਿਰ ਦੇ ਸੁੰਨਸਾਨ ਜੰਗਲੀ ਖੇਤਰ ਵਿੱਚ ਲਿਜਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਗਊਆਂ ਦੀ ਹੱਤਿਆ ਕਰਨ ਤੋਂ ਬਾਅਦ ਇਨ੍ਹਾਂ ਦਾ ਮੀਟ ਇੱਕ ਫਰੀਜ਼ਰ ਵਾਲੀ ਗੱਡੀ ਵਿਚ ਲੱਦ ਕੇ ਯੂਪੀ ਵਿਚ ਵੇਚਣ ਲਈ ਭੇਜ ਦਿੱਤਾ ਜਾਂਦਾ ਸੀ।