ਨਿੱਜੀ ਪੱਤਰ ਪ੍ਰੇਰਕ
ਖੰਨਾ, 1 ਨਵੰਬਰ
ਇਥੋਂ ਦੇ ਸ਼ਨੀ ਦੇਵ ਮੰਦਰ ਦੇ ਸਾਹਮਣੇ ਕੱਲ੍ਹ ਦੇਰ ਸ਼ਾਮ ਦੋ ਜਣੇ ਮੋਟਰਸਾਈਕਲ ’ਤੇ ਬੈਂਕ ਵਿਚ ਜਮ੍ਹਾਂ ਕਰਵਾਉਣ ਲਈ ਕਰੀਬ ਸੱਤ ਲੱਖ ਰੁਪਏ ਨਗਦ ਲਿਜਾ ਰਹੇ ਸਨ ਪਰ ਲੁਟੇਰੇ ਉਨ੍ਹਾਂ ਕੋਲੋਂ ਨਗਦੀ ਖੋਹ ਕੇ ਲੈ ਗਏ।
ਲੁੱਟ ਦਾ ਸ਼ਿਕਾਰ ਹੋਏ ਮੋਟਰਸਾਈਕਲ ਚਾਲਕ ਪਰਮਜੀਤ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਅਤੇ ਪ੍ਰਦੀਪ ਸਿੰਘ ਵਾਸੀ ਸਮਾਧੀ ਰੋਡ ਖੰਨਾ ਨੇ ਦੱਸਿਆ ਕਿ ਉਹ ਮੰਡੀ ਗੋਬਿੰਦਗੜ੍ਹ ਦੇ ਪੈਟਰੋਲ ਪੰਪ ਪੰਜਾਬ ਸਰਵਿਸਿਜ਼ ਤੋਂ ਲਗਦੀ ਲੈ ਕੇ ਖੰਨਾ ਵੱਲ ਆ ਰਹੇ ਸਨ। ਉਹ ਜਦੋਂ ਸ਼ਨੀਦੇਵ ਮੰਦਰ ਦੇ ਸਾਹਮਣੇ ਪੁੱਜੇ ਤਾਂ ਪਿੱਛੋਂ ਆ ਰਹੇ ਦੋ ਸਕੂਟਰੀ ਸਵਾਰ ਵਿਅਕਤੀਆਂ ਨੇ ਬਰਾਬਰ ਆ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਅਤੇ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀਆਈ ਡਾ. ਪਰੱਗਿਆ ਜੈਨ, ਡੀਐਸਪੀ ਵਿਲੀਅਮ ਜੇਜੀ, ਐਸਐਚਓ ਰਣਦੀਪ ਕੁਮਾਰ ਸ਼ਰਮਾ, ਅਮਨਦੀਪ ਸਿੰਘ ਅਤੇ ਨਛੱਤਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਲੁੱਟ ਖੋਹ ਦੇ ਸ਼ਿਕਾਰ ਨੌਜਵਾਨਾਂ ਤੋਂ ਪੜਤਾਲ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੰਪ ਮਾਮਲ ਦੀਪਕ ਜੈਨ ਵੀ ਮੌਕੇ ’ਤੇ ਪੁੱਜੇ। ਡੀਐਸਪੀ ਸ੍ਰੀ ਜੇਜੀ ਨੇ ਕਿਹਾ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।