ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਅਕਤੂਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਸੱਤ ਮੋਬਾਈਲ ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਵੱਖ ਵੱਖ ਕੰਪਨੀਆਂ ਦੇ ਲੁੱਟੇ ਹੋਏ ਮੋਬਾਈਲ ਫੋਨ ਅਤੇ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਹਨ। ਥਾਣਾ ਸਾਹਨੇਵਾਲ ਦੀ ਪੁਲੀਸ ਨੇ ਹਰਦੀਪ ਸਿੰਘ ਰਾਵਤ ਵਾਸੀ ਨਿਊ ਆਜ਼ਾਦ ਨਗਰ ਨੂੰ ਗ੍ਰਿਫ਼ਤਾਰ ਕਰਕੇ ਗਿਆਸਪੁਰਾ ਵਾਸੀ ਵੰਦਨਾ ਦਾ ਮੋਬਾਈਲ ਫੋਨ ਬਰਾਮਦ ਕੀਤਾ ਹੈ ਜੋ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਵਕਤ ਖੋਹ ਲਿਆ ਸੀ ਜਦੋਂ ਵੰਦਨਾ ਪੈਦਲ ਹੀ ਕੰਮ ਦੇ ਸਬੰਧ ਵਿੱਚ ਅੰਬੇਡਕਰ ਨਗਰ ਕੋਲ ਜਾ ਰਹੀ ਸੀ। ਪੁਲੀਸ ਨੇ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਉਸ ਦੇ ਸਾਥੀ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੀ ਪੁਲੀਸ ਨੇ ਪਿੰਡ ਗੋਲੇਵਾਲ ਵਾਸੀ ਅਜੇ ਕੁਮਾਰ ਦੀ ਸ਼ਿਕਾਇਤ ’ਤੇ ਸਚਿਨ ਵਾਸੀ ਸ਼ੇਰਪੁਰ ਕਲਾਂ, ਛੋਟੂ ਸਿੰਘ ਵਾਸੀ ਉੱਤਰ ਪ੍ਰਦੇਸ਼ ਅਤੇ ਰਣਜੀਤ ਕੁਮਾਰ ਵਾਸੀ ਬਾਬਾ ਦੀਪ ਸਿੰਘ ਨਗਰ ਨੂੰ ਗ੍ਰਿਫ਼ਤਾਰ ਕਰਕੇ ਲੁੱਟਿਆ ਮੋਬਾਇਲ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਅਜੇ ਕੁਮਾਰ ਨੇ ਦੱਸਿਆ ਹੈ ਕਿ ਜਦੋਂ ਉਹ ਆਪਣੀ ਮਾਤਾ ਦਾ ਪਤਾ ਕਰਨ ਲਈ ਭਰਾ ਦੇ ਘਰ ਜਾ ਰਿਹਾ ਸੀ ਤਾਂ ਬਾਬਾ ਦੀਪ ਸਿੰਘ ਨਗਰ ਕੋਲ ਗਲੀ ਦੇ ਮੋੜ ’ਤੇ ਖੜ੍ਹੇ ਤਿੰਨ ਲੜਕਿਆਂ ਨੇ ਉਸ ਦਾ ਮੋਬਾਈਲ ਫੋਨ ਅਤੇ 700 ਰੁਪਏ ਖੋਹ ਲਏ ਅਤੇ ਫ਼ਰਾਰ ਹੋ ਗਏ। ਪੁਲੀਸ ਨੇ ਤਫਤੀਸ਼ ਦੌਰਾਨ ਤਿੰਨਾਂ ਨੂੰ ਕਾਬੂ ਕਰਕੇ 3 ਮੋਬਾਈਲ ਫੋਨ ਅਤੇ 700 ਰੁਪਏ ਬਰਾਮਦ ਕੀਤੇ ਹਨ। ਪੁਲੀਸ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ। ਇਸੇ ਤਰ੍ਹਾਂ ਰਾਜੇਸ਼ ਕੁਮਾਰ ਦੀ ਅਗਵਾਈ ਹੇਠਲੀ ਪੁਲੀਸ ਨੇ ਰਾਜੂ ਪਾਂਡੇ ਵਾਸੀ ਬਾਬਾ ਦੀਪ ਸਿੰਘ ਨਗਰ, ਵਿਸ਼ਾਲ ਸ਼ਰਮਾ ਵਾਸੀ ਨਿਊ ਪੁਨੀਤ ਨਗਰ ਤੇ ਸੋਨੂੰ ਕੁਮਾਰ ਵਾਸੀ ਰਣਜੀਤ ਨਗਰ ਨੂੰ ਸ਼ੇਰਪੁਰ ਕਲਾਂ ਸਥਿਤ ਸਵਰਨ ਪੈਲੇਸ ਨੇੜੇ ਨਾਕੇਬੰਦੀ ਦੌਰਾਨ ਚੋਰੀ ਹੋਏ ਮੋਟਰਸਾਈਕਲ ਸਮੇਤ ਕਾਬੂ ਕਰਕੇ 6 ਮੋਬਾਇਲ ਫੋਨ ਬਰਾਮਦ ਕੀਤੇ ਹਨ। ਪੁਲੀਸ ਮੁਲਜ਼ਮਾਂ ਤੋਂ ਹੋਰ ਪੁਛਗਿੱਛ ਕਰ ਰਹੀ ਹੈ।