ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 6 ਜੁਲਾਈ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਵਿਦੇਸ਼ ਭੇਜਣ ਦੀ ਆੜ ’ਚ ਠੱਗੇ ਗਏ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਪੜਤਾਲ ਉਪਰੰਤ ਤਿੰਨ ਕੇਸ ਦਰਜ ਕਰ ਕੇ ਤਿੰਨ ਔਰਤਾਂ ਸਮੇਤ ਸੱਤ ਮੁਲਜ਼ਮਾਂ ਖਿਲਾਫ਼ ਕਾਰਵਾਈ ਆਰੰਭੀ ਗਈ ਹੈ। ਜਾਣਕਾਰੀ ਅਨੁਸਾਰ ਜਗਤਾਰ ਸਿੰਘ ਵਾਸੀ ਪਿੰਡ ਚਕਰ ਨੇ ਕੀਤੀ ਸ਼ਿਕਾਇਤ ਰਾਹੀਂ ਦੋਸ਼ ਲਾਇਆ ਕਿ ਉਸਨੂੰ ਕੈਨੇਡਾ ਭੇਜਣ ਲਈ ਸਿਮਰਨ ਕੌਰ ਅਤੇ ਉਸਦੇ ਭਰਾ ਸਤਨਾਮ ਸਿੰਘ ਅਤੇ ਜਗਜੀਤ ਸਿੰਘ ਨੇ ਉਸ ਤੋਂ 28.80000 ਰੁਪਏ ਲਏ ਤੇ ਉਸਦਾ ਜਾਅਲੀ ਵੀਜ਼ਾ ਲਗਵਾਇਆ, ਇੱਥੋਂ ਤੱਕ ਜਾਅਲੀ ਮੈਡੀਕਲ ਵੀ ਕਰਵਾ ਦਿੱਤਾ ਪਰ ਕੈਨੇਡਾ ਨਹੀਂ ਭੇਜਿਆ। ਜਗਤਾਰ ਸਿੰਘ ਨੇ ਜਦੋਂ ਜਾਅਲਸਾਜ਼ਾਂ ਨੂੰ ਪਾਸਪੋਰਟ ਅਤੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਲਟਾ ਧਮਕੀਆਂ ਮਿਲਣ ਲੱਗੀਆਂ। ਪੁਲੀਸ ਨੇ ਤਿੰਨਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਮਾਮਲੇ ’ਚ ਬਲਜੀਤ ਸਿੰਘ ਸੁਧਾਰ ਨਾਲ ਹਰਦੀਪ ਸਿੰਘ ਭੱਟੀ ਨੇ ਯੂਕਰੇਨ ਪੜ੍ਹਾਈ ਦਾ ਵੀਜ਼ਾ ਲਗਵਾ ਕੇ ਦੇਣ ਦੀ ਆੜ ’ਚ 9,69,200 ਰੁਪਏ ਦੀ ਠੱਗੀ ਮਾਰੀ। ਪੜਤਾਲ ਦੌਰਾਨ ਕਥਿਤ ਦੋਸ਼ੀ ਮਿਲਣ ਜਾਣ ’ਤੇ ਕੇਸ ਦਰਜ ਕੀਤਾ ਗਿਆ ਹੈ। ਤੀਜੇ ਮਾਮਲੇ ’ਚ ਗੁਰਵਿੰਦਰ ਸਿੰਘ ਵਾਸੀ ਪਿੰਡ ਸੁਧਾਰ ਨੇ ਕਮਲਜੀਤ ਕੌਰ ਪਿੰਡ ਰਛੀਨ ਹਾਲ ਵਾਸੀ ਕੈਨੇਡਾ, ਉਸਦੀ ਮਾਂ ਜਸਪਾਲ ਕੌਰ ਤੇ ਪਿਤਾ ਜਸਵੰਤ ਸਿੰਘ ਖਿਲਾਫ਼ ਸ਼ਿਕਾਇਤਕਰਤਾ ਦੇ ਭਰਾ ਨਾਲ 24.75000 ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ। ਸ਼ਿਕਾਇਤਕਰਤਾ ਨੇ ਪੁਲੀਸ ਕੋਲ ਸਬੂਤ ਪੇਸ਼ ਕਰਦਿਆਂ ਦੱਸਿਆ ਕਿ ਕਮਲਜੀਤ ਕੌਰ ਨੇ ਉਸਦੇ ਭਰਾ ਹਰਮਿੰਦਰ ਸਿੰਘ ਨਾਲ ਵਿਆਹ ਕਰਵਾਉਣ ਅਤੇ ਕੈਨੇਡਾ ’ਚ ਪੱਕਾ ਕਰਵਾਉਣ ਦੀ ਆੜ ’ਚ 14.11 ਲੱਖ ਨਕਦ, ਫਿਰ ਕਮਲਜੀਤ ਕੌਰ ਦੇ ਅਕਾਊਂਟ ’ਚ 10.50 ਲੱਖ ਅਤੇ ਆਪਣੇ ਪਿਤਾ ਦੇ ਅਕਾਊਂਟ ’ਚ 2.23 ਲੱਖ ਰੁਪਏ ਪਾਏ ਪਰ ਨਾ ਤਾਂ ਕਮਲਜੀਤ ਹਰਮਿੰਦਰ ਨੂੰ ਕੈਨੇਡਾ ਲੈ ਕੇ ਗਈ ਅਤੇ ਨਾ ਹੀ ਪੈਸੇ ਵਾਪਸ ਕੀਤੇ।