ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਮਈ
ਪਿੰਡ ਧਨਸੂ ਵਿੱਚ ਪੰਚਾਇਤ ਮੈਂਬਰ ਅਮਰਦੀਪ ਸਿੰਘ ਗਿੱਲ ਦੇ ਘਰ ਰੱਖੇ ਨੌਕਰ ਨੇ ਉਸ ਦੇ ਖਾਣੇ ’ਚ ਨਸ਼ੀਲਾ ਪਦਾਰਥ ਪਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਫਿਰ ਘਰ ’ਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਿਆ। ਗਿੱਲ ਦੀ ਬਜ਼ੁਰਗ ਮਾਂ ਨੇ ਸ਼ਾਮ ਨੂੰ ਖਾਣਾ ਖਾ ਲਿਆ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਅਮਰਦੀਪ ਸਿੰਘ ਗਿੱਲ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਰਮਨਦੀਪ ਕੌਰ ਵੀ ਹਸਪਤਾਲ ਦਾਖ਼ਲ ਹੈ। ਉਧਰ, ਬਜ਼ੁਰਗ ਮਾਤਾ ਪ੍ਰੀਤਮ ਕੌਰ (75) ਦਾ ਵੀ ਸਾਰਾ ਚੈਕਅੱਪ ਕੀਤਾ ਜਾ ਰਿਹਾ ਹੈ। ਥਾਣਾ ਜਮਾਲਪੁਰ ਦੀ ਪੁਲੀਸ ਨੇ ਆਸਪਾਸ ਦੇ ਸੀਸੀਟੀਵੀ ਫੁਟੇਜ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ, ਹਸਪਤਾਲ ਵਿੱਚ ਅਮਰਦੀਪ ਸਿੰਘ ਗਿੱਲ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੰਚਾਇਤ ਮੈਂਬਰ ਅਮਰਦੀਪ ਸਿੰਘ ਗਿੱਲ ਨੇ ਕਰੀਬ ਪੰਜ ਦਿਨ ਪਹਿਲਾਂ ਕਿਸੇ ਦੀ ਸਿਫ਼ਾਰਸ਼ ’ਤੇ ਇੱਕ ਨੇਪਾਲੀ ਨੌਕਰ ਰੱਖਿਆ ਸੀ। ਨੌਕਰ ਨੂੰ ਰਹਿਣ ਲਈ ਕਮਰਾ ਵੀ ਦਿੱਤਾ ਹੋਇਆ ਸੀ। ਖਾਣਾ ਖਾਣ ਤੋਂ ਕੁਝ ਦੇਰ ਬਾਅਦ ਦੋਵੇਂ ਪਤੀ ਪਤਨੀ ਬੇਹੋਸ਼ ਹੋ ਗਏ। ਮਗਰੋਂ ਨੌਕਰ ਘਰ ’ਚੋਂ ਸਾਮਾਨ ਲੁੱਟ ਕੇ ਫਰਾਰ ਗਿਆ। ਸਵੇਰੇ ਖੇਤ ਮਜ਼ਦੂਰ ਜਦੋਂ ਚਾਹ ਪੀਣ ਲਈ ਆਏ ਸੀ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਬੇਹੋਸ਼ ਪਿਆ ਦੇਖ ਕੇ ਰੌਲਾ ਪਾਇਆ। ਅਮਰਦੀਪ ਸਿੰਘ ਦਾ ਪੁੱਤਰ ਅਤੇ ਧੀ ਕੈਨੇਡਾ ਰਹਿੰਦੇ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਦਾ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।