ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 21 ਜਨਵਰੀ
ਇੱਥੇ ਸ਼ਹਿਰ ’ਚ ਆਵਾਜਾਈ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਪੁਲੀਸ ਵਿਭਾਗ ਦਾ ਟਰੈਫਿਕ ਸੈੱਲ ਅਤੇ ਨਗਰ ਕੌਂਸਲ ਇਸ ਸਮੱਸਿਆ ਤੋਂ ਆਮ ਲੋਕਾਂ ਨੂੰ ਨਿਜਾਤ ਦਿਵਾਉਣ ’ਚ ਲਗਾਤਾਰ ਅਸਫਲ ਸਾਬਤ ਰਹੇ ਹਨ। ਸ਼ਹਿਰ ’ਚ ਲੁਧਿਆਣਾ-ਫਿਰੋਜ਼ਪੁਰ ਮਾਰਗ ਤੋਂ ਆਉਣ ਵਾਲੀ ਤਹਿਸੀਲ ਰੋਡ ਦੇ ਮੁੱਖ ਚੌਂਕ ਤੋਂ ਕਮਲ ਚੌਂਕ ਤੱਕ ਸਵੇਰ ਤੋਂ ਲੈ ਕੇ ਕਾਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਆਮ ਤੌਰ ’ਤੇ ਮਹਿਜ਼ ਪੰਜ ਮਿੰਟਾਂ ’ਚ ਤੈਅ ਹੋਣ ਵਾਲੇ ਇਸ ਰਸਤੇ ’ਤੇ ਹੁਣ ਕਰੀਬ ਇੱਕ ਘੰਟਾ ਲੱਗ ਜਾਂਦਾ ਹੈ। ਪੁਲੀਸ ਦੀ ਗੈਰਹਾਜ਼ਰੀ ’ਚ ਲੋਕ ਇੱਕ ਦੂਸਰੇ ਨਾਲ ਲੜਦੇ ਝਗੜਦੇ ਰਹਿੰਦੇ ਹਨ। ਪੁਲੀਸ ਦੇ ਨਾਲ ਬਜ਼ਾਰ ’ਚ ਲੱਗਦੇ ਜਾਮ ਲਈ ਨਗਰ ਕੌਂਸਲ ਵੀ ਜ਼ਿੰਮੇਵਾਰ ਹੈ। ਪਹਿਲਾਂ ਹੀ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਸੜਕ ਤੱਕ ਚਾਰ ਤੋਂ ਪੰਜ ਫੁੱਟ ਤੱਕ ਵਧਾਈਆਂ ਹੋਈਆਂ ਹਨ। ਉਪਰੋਂ ਦੁਕਾਨਾਂ ਤੋਂ ਖਰੀਦੋ-ਫਰੋਖਤ ਕਰਨ ਲਈ ਆਉਣ ਵਾਲੇ ਗਾਹਕ ਆਪਣੀਆਂ ਕਾਰਾਂ, ਮੋਟਰਸਾਈਕਲ ਸੜਕ ’ਤੇ ਖੜ੍ਹੀਆਂ ਕਰ ਦਿੰਦੇ ਹਨ। ਇਸ ਕਾਰਨ ਸੜਕ ਦਾ ਅੱਧ ਤੋਂ ਵੱਧ ਹਿੱਸਾ ਭਰ ਜਾਂਦਾ ਹੈ।
ਕੌਂਸਲਰ ਵੋਟਾਂ ਕਰਕੇ ਇਸ ਸਮੱਸਿਆ ਨਾਲ ਜੂਝ ਰਹੇ ਆਮ ਲੋਕਾਂ ਦੀ ਥਾਂ ਦੁਕਾਨਦਾਰਾਂ ਦਾ ਪੱਖ ਪੂਰਦੇ ਹਨ। ਪੁਲ ਤੋਂ ਪਹਿਲਾਂ ਸ਼ਹਿਰ ਵੱਲੋਂ ਆਉਣ ਵਾਲੀ ਟ੍ਰੈਫਿਕ ਅਤੇ ਬਰਨਾਲਾ, ਰਾਏਕੋਟ, ਹਠੂਰ, ਜਲੰਧਰ ਤੋਂ ਆਉਣ ਵਾਲੇ ਸਾਧਨ ਆਪਸ ’ਚ ਫਸ ਜਾਂਦੇ ਹਨ। ਰਾਹਗੀਰ ਇੱਕ ਦੂਸਰੇ ਤੋਂ ਪਹਿਲਾਂ ਲੰਘਣ ਦੀ ਆੜ ’ਚ ਲੰਬਾ ਸਮਾਂ ਜ਼ਿੱਦ ਵਿੱਚ ਹੀ ਸਮਾਂ ਖਰਾਬ ਕਰ ਦਿੰਦੇ ਹਨ। ਡੀ.ਐਸ.ਪੀ.ਗੁਰਵਿੰਦਰ ਸਿੰਘ ਨੇ ਆਖਿਆ ਕਿ ਟ੍ਰੈਫਿਕ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਕਈ ਵਾਰ ਸਮੱਸਿਆ ਆ ਰਹੀ ਹੈ ਜਿਸ ਦੇ ਹੱਲ ਲਈ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ।