ਸਤਵਿੰਦਰ ਬਸਰਾ
ਲੁਧਿਆਣਾ, 10 ਅਪਰੈਲ
ਸਥਾਨਕ ਸੱਤੋਜਤ ਨਗਰ ਦੇ ਵੈਟਰਨ ਅਥਲੀਟ ਜਰਨੈਲ ਸਿੰਘ ਜੈਲੀ ਗਰਚਾ ਪਿਛਲੇ ਕਈ ਸਾਲਾਂ ਤੋਂ ਵੈਟਰਨ ਖੇਡਾਂ ਵਿੱਚੋਂ ਤਗਮੇ ਜਿੱਤ ਕਿ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਬਣਦੇ ਆ ਰਹੇ ਹਨ। ਇਸ ਵਾਰ 65 ਸਾਲ ਤੋਂ ਉਪਰ ਉਮਰ ਦੇ ਇਸ ਨੌਜਵਾਨ ਵੈਟਰਨ ਅਥਲੀਟ ਨੇ ਪੰਜਾਬ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਵਿੱਚੋਂ ਤਿੰਨ ਸੋਨੇ ਅਤੇ ਇੱਕ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਹੈ। ਸ੍ਰੀ ਗਰਚਾ ਅਨੁਸਾਰ ਨਗਰ ਨਿਗਮ ਲੁਧਿਆਣਾ ’ਚ ਜੇਈ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਪਹਿਲਾਂ ਤੱਕ 1985 ਵਿੱਚ ਓਪਨ ਨੈਸ਼ਨਲ ਖੇਡਾਂ ’ਚ ਕਬੱਡੀ ਵਿੱਚੋਂ ਸੋਨੇ ਦਾ ਤਗਮਾ ਜਿੱਤ ਚੁੱਕੇ ਹਨ। ਕਿਲ੍ਹਾ ਰਾਏਪੁਰ ਵਿੱਚ ਵੀ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀਆਂ ਦੌੜਾਂ ਵਿੱਚੋਂ ਸੋਨੇ ਦਾ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ ਕਈ ਮੈਰਾਥਨ ਦੌੜਾਂ ਵਿੱਚੋਂ ਵੀ ਤਗਮੇ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ 40ਵੀਂ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਦੀ 10 ਹਜ਼ਾਰ ਮੀਟਰ ਦੌੜ ਵਿੱਚੋਂ ਉਨ੍ਹਾਂ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ। ਉਨ੍ਹਾਂ ਦੱਸਿਆ ਕਿ 2 ਤੋਂ 3 ਅਪਰੈਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਈ 42ਵੀਂ ਪੰਜਾਬ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ-2022 ਦੇ 100 ਮੀਟਰ ਅਤੇ 300 ਮੀਟਰ ਅੜਿੱਕਾ ਦੌੜ ਅਤੇ 400 ਮੀਟਰ ਦੌੜ ਵਿੱਚੋਂ ਉਨ੍ਹਾਂ ਨੇ ਸੋਨੇ ਦੇ ਤਗਮੇ ਜਿੱਤੇ, ਜਦਕਿ ਉੱਚੀ ਛਾਲ ਵਿੱਚੋਂ ਚਾਂਦੀ ਦਾ ਤਗਮਾ ਪ੍ਰਾਪਤ ਹੋਇਆ। ਇਸੇ ਤਰ੍ਹਾਂ ਪਿਛਲੇ ਮਹੀਨੇ ਲਵਲੀ ਯੂਨੀਵਰਸਿਟੀ ਵਿੱਚ ਮਾਸਟਰ ਗੇਮਜ਼ ਐਸੋਸੀਏਸ਼ਨ ਵੱਲੋਂ ਕਰਵਾਈਆਂ ਖੇਡਾਂ ਵਿੱਚੋਂ 100 ਅਤੇ 400 ਮੀਟਰ ਅੜਿੱਕਾ ਦੌੜ, 200 ਮੀਟਰ ਦੌੜ ਵਿੱਚੋਂ ਸੋਨੇ ਦੇ ਜਦਕਿ ਲੰਬੀ ਛਾਲ ਵਿੱਚੋਂ ਕਾਂਸੀ ਦਾ ਤਗਮਾ ਜਿੱਤਿਆ ਸੀ। ਗਰਚਾ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਕੌਮਾਂਤਰੀ ਪੱਧਰ ’ਤੇ ਖੇਡਦਿਆਂ ਦੇਸ਼ ਲਈ ਸੋਨੇ ਦਾ ਤਗਮਾ ਜਿੱਤਣ ਦਾ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕਿ ਖੇਡਾਂ ਦਾ ਨਸ਼ਾ ਲਗਾਉਣ ਤਾਂ ਜੋ ਦੇਸ਼ ਅਤੇ ਸਮਾਜ ਤੰਦਰੁਸਤ ਦੇ ਨਾਲ ਨਾਲ ਵਧੀਆ ਵਿਕਾਸ ਕਰ ਸਕੇ।