ਪੱਤਰ ਪ੍ਰੇਰਕ
ਮੁੱਲਾਂਪੁਰ-ਦਾਖਾ, 15 ਮਈ
ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਮੁੱਲਾਂਪੁਰ-ਦਾਖਾ ਵੱਲੋਂ ਸਥਾਨਕ ਗੁਰਮਤਿ ਭਵਨ ਵਿੱਚ ਸਥਾਪਨਾ ਦਿਵਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸੇਵਾਮੁਕਤ ਆਈਏਐੱਸ ਅਫ਼ਸਰ ਐੱਸ ਪੀ ਕਰਕਰਾ, ਚੇਅਰਮੈਨ ਫੈੱਡਰੇਸ਼ਨ ਆਫ਼ ਸੀਨੀਅਰ ਸਿਟੀਜ਼ਨ, ਪੰਜਾਬ ਨੇ ਕਿਹਾ ਕਿ ਸਾਰੀ ਉਮਰ ਆਪਣੇ ਬੱਚਿਆਂ, ਪਰਿਵਾਰ ਅਤੇ ਸਮਾਜ ਲਈ ਸੇਵਾ ਨਿਭਾਉਣ ਵਾਲੇ ਬਜ਼ੁਰਗਾਂ ਨੂੰ ਸਵੈ-ਸਨਮਾਨ ਅਤੇ ਸੁਰੱਖਿਆ ਪੱਖੋਂ ਸਭ ਤੋਂ ਵੱਧ ਖ਼ਤਰਾ ਵਿਖਾਈ ਦੇ ਰਿਹਾ ਹੈ।
ਇਸ ਦੌਰਾਨ ਵਿਛੜੇ ਸਾਥੀਆਂ ਕ੍ਰਿਸ਼ਨ ਗੋਪਾਲ ਸ਼ਰਮਾ, ਹਰਕੇਵਲ ਸਿੰਘ, ਅਜੈਬ ਸਿੰਘ ਅਤੇ ਪ੍ਰਿੰਸੀਪਲ ਜੀ ਐੱ. ਤੂਰ ਨੂੰ ਸ਼ਰਧਾਂਜਲੀ ਦੇਣ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਰਘਬੀਰ ਸਿੰਘ ਔਲਖ ਨੇ ਸੰਸਥਾ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ, ਪਤਵੰਤਿਆਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ। ਸਟੇਟ ਐਵਾਰਡੀ ਮਾਸਟਰ ਮਨਦੀਪ ਸਿੰਘ ਸੇਖੋਂ ਨੇ ਐਸੋਸੀਏਸ਼ਨ ਮੈਂਬਰਾਂ ਨੂੰ ਕਾਰਜਸ਼ੀਲ ਰਹਿ ਕੇ ਸਮਾਜ ਭਲਾਈ ਦੇ ਕਾਰਜਾਂ ਕਰਨ ਅਤੇ ਜ਼ਿੰਦਾ-ਦਿਲ ਰਹਿਣ ਦਾ ਸੁਨੇਹਾ ਦਿੱਤਾ।