ਸਤਵਿੰਦਰ ਬਸਰਾ
ਲੁਧਿਆਣਾ, 23 ਅਕਤੂਬਰ
ਰਾਜਨੀਤਿਕ ਪਾਰਟੀਆਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਵਾਤਾਵਰਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਲੈਣ ’ਤੇ ਜ਼ੋਰ ਪਾਉਣ ਲਈ ਅੱਜ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਸੈਮੀਨਾਰ ਕਰਵਾਇਆ ਗਿਆ। ‘ਪੰਜਾਬ 2022 ਲਈ ਗਰੀਨ ਚੋਣ ਮਨੋਰਥ ਪੱਤਰ’ ਵਿਸ਼ੇ ’ਤੇ ਹੋਏ ਇਸ ਸੈਮੀਨਾਰ ਵਿੱਚ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਵਾਤਾਵਰਣ ਪ੍ਰਤੀ ਆਮ ਲੋਕਾਂ ਵਿੱਚ ਆਇਆ ਬਦਲਾਅ ਇੱਕ ਨਾ ਇੱਕ ਦਿਨ ਜ਼ਰੂਰ ਰੰਗ ਲਿਆਵੇਗਾ।
ਰਾਮਗੜ੍ਹੀਆ ਗਰਲਜ਼ ਕਾਲਜ ਅਤੇ ਪੀਏਸੀ ਮੱਤੇਵਾੜਾ ਅਤੇ ਸਤਲੁਜ ਵੱਲੋਂ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਬਾਬਾ ਸੀਚੇਵਾਲ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਅਤੇ ਵਾਤਾਵਰਣ ਨੂੰ ਹਰਾ-ਭਰਾ ਰੱਖਣ ਲਈ ਰਾਜਨੀਤਿਕ ਆਗੂਆਂ ਨੂੰ ਵੀ ਅੱਗੇ ਆਉਣ ਦਾ ਸੁਨੇਹਾ ਦਿੱਤਾ। ਇਸ ਤੋਂ ਪਹਿਲਾਂ ਸੰਤ ਸੀਚੇਵਾਲ ਹੋਰਨਾਂ ਪਤਵੰਤਿਆਂ ਨਾਲ ਮੱਤੇਵਾੜਾ ਦੇ ਜੰਗਲਾਂ ਨਾਲ ਲੱਗਦੀ ਉਹ ਥਾਂ ਵੀ ਦੇਖਣ ਗਏ ਜਿੱਥੇ ਸਰਕਾਰ ਵੱਲੋਂ ਇੰਡਸਟਰੀ ਪਾਰਕ ਬਣਾਉਣ ਦੀ ਪਲਾਨਿੰਗ ਕੀਤੀ ਜਾ ਰਹੀ ਹੈ। ਸੰਤ ਸੀਚੇਵਾਲ ਨੇ ਜੰਗਲਾਂ ਨੂੰ ਬਚਾਉਣ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣ ਦਾ ਹੋਕਾ ਦਿੱਤਾ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ, ਪ੍ਰਿੰ. ਡਾ. ਰਾਜੇਸ਼ਵਰਪਾਲ ਕੌਰ, ਕਰਨਲ ਚੰਦਰਮੋਹਨ ਲਖਨਪਾਲ, ਕਸ਼ਮੀਰਸਿੰਘ ਸੇਖੋਵਾਲ, ਡਾ. ਨਵਨੀਤ ਭੁੱਲਰ, ਹਰਪਾਲ ਸਿੰਘ ਅਤੇ ਜਸਕੀਰਤ ਸਿੰਘ ਹਾਜ਼ਰ ਸਨ।