ਸਤਵਿੰਦਰ ਬਸਰਾ
ਲੁਧਿਆਣਾ, 18 ਸਤੰਬਰ
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ (ਪੀਸੀਜੇਯੂ) ਵੱਲੋਂ ਲੁਧਿਆਣਾ ਵਿੱਚ ‘ਮੌਜੂਦਾ ਦੌਰ ’ਚ ਮੀਡੀਆ ਨੂੰ ਚੁਣੌਤੀਆਂ’ ਵਿਸ਼ੇ ’ਤੇ ਇੱਕ ਸੈਮੀਨਾਰ ਗੁਰੂ ਨਾਨਕ ਭਵਨ ਵਿੱਚ ‘ਸੰਵਾਦ’ ਦੇ ਰੂਪ ਵਿੱਚ ਕਰਵਾਇਆ ਗਿਆ। ਇਸ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਪਿਆਰਾ ਲਾਲ ਗਰਗ ਅਤੇ ਉੱਘੇ ਚਿੰਤਕ ਪ੍ਰੋ. ਜਗਮੋਹਨ ਸਿੰਘ ਮੁੱਖ ਬੁਲਾਰਿਆਂ ਵਜੋਂ ਪਹੁੰਚੇ ਜਦਕਿ ਵਿਸ਼ੇਸ਼ ਮਹਿਮਾਨਾਂ ’ਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਸੈਕਟਰੀ ਜਨਰਲ ਬਲਵਿੰਦਰ ਜੰਮੂ, ਪੀਸੀਜੇਯੂ ਦੇ ਸੈਕਟਰੀ ਜੈ ਸਿੰਘ ਛਿੱਬੜ, ਮੈਡਮ ਬਿੰਦੂ ਸ਼ਾਮਲ ਹੋਏ। ਮੁੱਖ ਬੁਲਾਰੇ ਡਾ. ਗਰਗ ਨੇ ਕਿਹਾ ਕਿ ਪੱਤਰਕਾਰ ਭਾਵੇਂ ਕਿਸੇ ਵੀ ਅਦਾਰੇ ਨਾਲ ਜੁੜਿਆ ਹੋਵੇ, ਉਸ ਨੂੰ ਲੋਕ ਹਿੱਤ ਵਾਲੇ ਮੁੱਦਿਆਂ ਨੂੰ ਉਭਾਰਨਾ ਚਾਹੀਦਾ ਹੈ। ਡਾ. ਗਰਗ ਨੇ ਪੱਤਰਕਾਰਾਂ ਨੂੰ ਆਪਣੇ ਖੁਦ ਦੇ ਮੁੱਦੇ ਉਭਰਨ ਲਈ ਜੱਥੇਬੰਦ ਹੋਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੇ ਸਾਡੇ ਸਿਆਸਤਦਾਨ ਤਾਂ ਪਰਿਵਾਰਵਾਦ, ਵਪਾਰਕ ਅਤੇ ਦਰਬਾਰੀ ਹੋ ਗਏ ਹਨ। ਇਸ ਲਈ ਪੱਤਰਕਾਰਾਂ ’ਤੇ ਲੋਕ ਹਿੱਤ ਦਾ ਭਾਰ ਹੋਰ ਵਧ ਜਾਂਦਾ ਹੈ। ਜੰਮੂ ਨੇ ਪਬਲਿਕ ਸੈਕਟਰ ਦੇ ਹੋ ਰਹੇ ਉਜਾੜੇ ’ਤੇ ਵੀ ਚਿੰਤਾ ਪ੍ਰਗਟਾਈ। ਪ੍ਰੋ. ਜਗਮੋਹਨ ਸਿੰਘ ਨੇ ਪੱਤਰਕਾਰਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੁੜ ਕਿ ਠੀਕ-ਗਲਤ ਦੀ ਪਛਾਣ ਕਰਨ ਦਾ ਹੋਕਾ ਦਿੱਤਾ। ਇਸ ਮੌਕੇ ਲੁਧਿਆਣਾ ਟੀਮ ਵੱਲੋਂ ਕੋਆਰਡੀਨੇਟਰ ਗਗਨਦੀਪ ਅਰੋੜਾ, ਅਮਰੀਕ ਸਿੰਘ ਬੱਤਰਾ, ਗੁਰਿੰਦਰ ਸਿੰਘ, ਹਿਮਾਂਸ਼ੂ ਮਹਾਜਨ, ਅਸ਼ਵਨੀ ਧੀਮਾਨ, ਜੋਗਿੰਦਰ ਸਿੰਘ ਓਬਰਾਏ, ਦਵਿੰਦਰ ਸਿੰਘ ਜੱਗੀ, ਡੀਪੀਐਸ ਬੱਤਰਾ ਆਦਿ ਪਹੁੰਚੇ।