ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 11 ਮਈ
ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ‘ਕੰਪਿਊਟਰ ਤਕਨਾਲੋਜੀ ਅਤੇ ਪੰਜਾਬੀ ਭਾਸ਼ਾ’ ਵਿਸ਼ੇ ਬਾਰੇ ਸੈਮੀਨਾਰ ਕਰਵਾਇਆ। ਇਸ ਮੌਕੇ ਕੰਪਿਊਟਰ ਵਿਗਿਆਨੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਪ੍ਰੋਫੈਸਰ ਡਾਕਟਰ ਸੀ. ਪੀ ਕੰਬੋਜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕੰਪਿਊਟਰ ਵਿੱਚ ਪੰਜਾਬੀ ਟਾਈਪ ਦੀ ਮੁਹਾਰਤ ਹਾਸਲ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀ ਹਾਸਲ ਕਰਨ ਲਈ ਅੱਜ ਕੰਪਿਊਟਰ ਅਤੇ ਪੰਜਾਬੀ ਟਾਈਪ ਦੀ ਜਾਣਕਾਰੀ ਬਹੁਤ ਮਹੱਤਵਪੂਰਨ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਮਿਹਨਤ ਨਾਲ ਅਜੋਕੇ ਜ਼ਮਾਨੇ ਵਿੱਚ ਘਰ ਬੈਠੇ ਵੀ ਕਮਾਈ ਕੀਤੀ ਜਾ ਸਕਦੀ ਹੈ।
ਕਾਲਜ ਦੇ ਪੰਜਾਬੀ ਵਿਭਾਗ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਸਾਂਝੇ ਉੱਦਮ ਨਾਲ ਕਰਵਾਏ ਸੈਮੀਨਾਰ ਵਿੱਚ ਮੁੱਖ ਸਰੋਤ ਵਿਅਕਤੀ ਵਜੋਂ ਡਾ. ਸੀ ਪੀ ਕੰਬੋਜ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਅਵਿਨਾਸ਼ ਕੌਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਾਕਟਰ ਕੰਬੋਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤਿਆਰ ਕੀਤੇ ‘ਅੱਖਰ’ ਸਾਫ਼ਟਵੇਅਰ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।