ਸਤਵਿੰਦਰ ਬਸਰਾ
ਲੁਧਿਆਣਾ, 29 ਸਤੰਬਰ
ਸੌ ਸਾਲ ਪਹਿਲਾਂ 1922 ਈਸਵੀ ਵਿੱਚ ਗੁਰਦੁਆਰਾ ਸੁਧਾਰ ਲਹਿਰ ਤਹਿਤ ਲਾਏ ਗਏ ਮੋਰਚੇ ਗੁਰੂ ਕਾ ਬਾਗ਼ ਅਤੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ 650 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ।
ਬੁਲਾਰਿਆਂ ਵੱਲੋਂ ‘ਮੋਰਚਾ ਗੁਰੂ ਕਾ ਬਾਗ਼’ ਅਤੇ ਸ਼ਹੀਦੀ ਸਾਕਾ ਪੰਜਾ ਸਾਹਿਬ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਇੰਦਰਪਾਲ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਖਾਲਸਾ ਰਾਜ ਦੇ ਸੁਨਹਿਰੀ ਯੁੱਗ ਨੂੰ ਚੇਤੇ ਕਰਦਿਆਂ ਸਿੰਘ ਸਭਾਵਾਂ ਦੀ ਭੂਮਿਕਾ ਦਾ ਜ਼ਿਕਰ ਕੀਤਾ। ਪ੍ਰਧਾਨਗੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਕੀਤੀ ਗਈ। ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਟਰੱਸਟੀ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਾਨੂੰ ਸਭ ਨੂੰ ਸਿੱਖ ਇਤਿਹਾਸ ਦੇ ਪੰਨਿਆਂ ਤੋਂ ਸੇਧ ਲੈ ਕੇ ਇੱਕਜੁਟਤਾ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਨ ਦੀ ਲੋੜ ਹੈ। ਟਰੱਸਟ ਦੇ ਡਾਇਰੈਕਟਰ ਇੰਦਰਪਾਲ ਸਿੰਘ, ਕਾਲਜ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਅਤੇ ਟਰੱਸਟ ਦੇ ਮੈਂਬਰਾਂ ਨੇ ਮੋਰਚੇ ਦੌਰਾਨ ਸਿੱਖਾਂ ਵੱਲੋਂ ਅੰਗਰੇਜ਼ ਸਰਕਾਰ ਦੇ ਜ਼ੁਲਮ ਅੱਗੇ ਦ੍ਰਿੜਤਾ ਅਤੇ ਬਿਨਾਂ ਡੋਲੇ ਜਿੱਤ ਪ੍ਰਾਪਤ ਕਰਨ ਦੇ ਇਤਿਹਾਸ ਨੂੰ ਯਾਦ ਕੀਤਾ। ਡਾ. ਪਰਮਜੀਤ ਕੌਰ ਨੇ ਸਿੱਖ ਸ਼ਹਾਦਤ ਦੀ ਪਰੰਪਰਾ ਨਾਲ ਸਾਂਝ ਪਾਉਂਦਿਆਂ ਮੋਰਚਾ ਗੁਰੂ ਕਾ ਬਾਗ਼ ਅਤੇ ਸਾਕਾ ਪੰਜਾ ਸਾਹਿਬ ਨੂੰ ਉਸੇ ਕੜੀ ਦਾ ਹਿੱਸਾ ਦੱਸਿਆ। ਇਸ ਮੌਕੇ ਟਰੱਸਟੀ ਹਰਭਜਨ ਸਿੰਘ ਗਿੱਲ ਨੇ ਜਿੱਥੇ ਵਿਦਵਾਨਾਂ ਨੂੰ ਸਨਮਾਨਿਤ ਕੀਤਾ, ਉੱਥੇ ਪਹੁੰਚੇ ਹੋਏ ਖਾਸ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।