ਪੱਤਰ ਪ੍ਰੇਰਕ
ਮਾਛੀਵਾੜਾ, 7 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪਿੰਡ ਭਮਾਂ ਕਲਾਂ ਤੇ ਭਮਾਂ ਖੁਰਦ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਜ਼ਿਲ੍ਹਾ ਆਗੂ ਸਾਧੂ ਸਿੰਘ ਪੰਜੇਟਾ, ਕੁਲਦੀਪ ਸਿੰਘ ਗੁੱਜਰਵਾਲ ਤੇ ਅਵਤਾਰ ਸਿੰਘ ਝੁੰਗੀਆਂ ਬੇਗਾ ਨੇ ਕਿਹਾ ਕਿ ਭਾਰਤਮਾਲਾ ਯੋਜਨਾ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜਬਰੀ ਐਕੁਆਇਰ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਚੈੱਕ ਨਹੀਂ ਚੁੱਕੇ ਉਹ ਜ਼ਮੀਨਾਂ ਦੇ ਮਾਲਕ ਹਨ ਪਰ ਸਰਕਾਰ ਉਨ੍ਹਾਂ ਦੇ ਖੇਤਾਂ ਵਿਚ ਧੱਕੇ ਨਾਲ ਕਬਜ਼ੇ ਕਰਨੀ ਚਾਹੁੰਦੀ ਹੈ। ਇਸ ਤਹਿਤ ਕੋਟ ਆਗਾਂ ਵਿੱਚ ਲਗਾਤਾਰ 74ਵੇਂ ਦਿਨ ਧਰਨਾ ਜਾਰੀ ਹੈ। ਇਸ ਦੌਰਾਨ ਯੂਨੀਅਨ ਨੇ ਭਮਾਂ ਕਲਾ ਤੇ ਭਮਾਂ ਖੁਰਦ ਵਿੱਚ ਸਰਬਸੰਮਤੀ ਨਾਲ ਨਵੀਆਂ ਇਕਾਈਆਂ ਦਾ ਗਠਨ ਕੀਤਾ, ਜਿਸ ਵਿਚ ਕਰਮਜੀਤ ਸਿੰਘ ਪ੍ਰਧਾਨ, ਜਸਮੇਰ ਸਿੰਘ ਮੀਤ ਪ੍ਰਧਾਨ, ਅਜਮੇਰ ਸਿੰਘ ਸਕੱਤਰ, ਰਜਿੰਦਰ ਸਿੰਘ ਸਹਾਇਕ ਸਕੱਤਰ, ਪਰਮਜੀਤ ਸਿੰਘ ਖਜ਼ਾਨਚੀ, ਰਾਜੀਵ, ਗੁਰਿੰਦਰ ਸਿੰਘ ਤੇ ਗੁਰਨਾਮ ਸਿੰਘ (ਕਮੇਟੀ ਮੈਂਬਰ) ਚੁਣੇ ਗਏ।