ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਮਈ
ਜ਼ਿਲ੍ਹਾ ਕੰਟਰੋਲਰ ਖ਼ੁਰਾਕ ਸਿਵਲ ਸਪਲਾਈ ਪੱਛਮੀ ਹਰਵੀਨ ਕੌਰ ਵੱਲੋਂ ਸ਼ਹਿਰ ਦੀਆਂ ਗੈਸ ਏਜੰਸੀਆਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਸਾਰੇ ਗੈਸ ਏਜੰਸੀਆਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਗੈਸ ਏਜੰਸੀਆਂ ਨੂੰ ਸਟਾਫ ਦੇ ਪੂਰੀ ਵਰਦੀ ਵਿੱਚ ਹੋਣ, ਸ਼ਨਾਖਤੀ ਕਾਰਡ ਕੋਲ ਰੱਖਣ, ਗੈਸ ਡਲਿਵਰ ਕਰਨ ਲਈ ਗੱਡੀਆਂ ਤੇ ਏਜੰਸੀ ਦਾ ਪੂਰਾ ਨਾਮ, ਹਰ ਗੱਡੀ ਵਿੱਚ ਵਜ਼ਨੀ ਕੰਡਾ ਰੱਖਣਾ, ਗੈਸ ਦੀ ਗੁਦਾਮ ਤੋਂ ਡਿਲਿਵਰੀ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤ ਕੀਤੀ ਗਈ।
ਉਨ੍ਹਾਂ ਸਖ਼ਤ ਹਦਾਇਤ ਦਿੰਦਿਆਂ ਕਿਹਾ ਕਿ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਅਤੇ ਮਿੱਥੇ ਰੇਟ ਤੋਂ ਜ਼ਿਆਦਾ ਕੀਮਤ ਵਸੂਲੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਘਰੇਲੂ ਗੈਸ ਦੀ ਦੁਰਵਰਤੋਂ ਨੂੰ ਰੋਕਣ ਲਈ ਆਪਣੇ ਸਟਾਫ਼ ਤੇ ਵੀ ਤਿੱਖੀ ਨਜ਼ਰ ਰੱਖਣ ਲਈ ਕਿਹਾ ਗਿਆ ਅਤੇ ਖ਼ਾਮੀਆਂ ਤੁਰੰਤ ਪੂਰੀਆਂ ਕਰਨ ਲਈ ਹਦਾਇਤ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਘਰੇਲੂ ਗੈਸ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਭਾਗੀ ਟੀਮਾਂ ਦਾ ਗਠਨ ਕੀਤਾ ਗਿਆ ਹੈ।