ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 9 ਅਕਤੂਬਰ
ਇਥੋਂ ਨਜ਼ਦੀਕੀ ਬੇਟ ਇਲਾਕੇ ’ਚ ਲੰਘਦੇ ਸਤਲੁਜ ਦਰਿਆ ’ਚੋਂ ਰੇਤੇ ਦੀ ਨਾਜਾਇਜ਼ ਮਾਈਨਿੰਗ ਬੇਰੋਕ-ਟੋਕ ਜਾਰੀ ਹੈ। ਲੋਕਾਂ ’ਚ ਇਸ ਨੂੰ ਲੈ ਕੇ ਰੋਹ ਹੈ ਤੇ ਪਿੰਡ ਗੋਰਸੀਆਂ ਖ਼ਾਨ ਮੁਹੰਮਦ ਦੇ ਵਸਨੀਕਾਂ ਦੇ ਵਿਰੋਧ ਨੂੰ ਦੇਖ ਕੇ ਕੇ ਰੇਤ ਮਾਫੀਆ ਭੱਜਣ ਲਈ ਮਜਬੂਰ ਹੋ ਗਿਆ। ਅਸਲ ’ਚ ਬਰਸਾਤੀ ਮੌਸਮ ਦੇ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ’ਚ ਰੇਤ ਦੀ ਮਾਈਨਿੰਗ ਬੰਦ ਰਹਿਣ ਉਪਰੰਤ ਹੁਣ ਜਿਵੇਂ ਹੀ ਅਕਤੂਬਰ ’ਚ ਖਣਨ ਸ਼ੁਰੂ ਹੋਇਆ ਤਾਂ ਬੇਟ ਇਲਾਕੇ ਦੇ ਪਿੰਡ ਗੋਰਸੀਆਂ ਖ਼ਾਨ ਮੁਹੰਮਦ ਦੇ ਵਸਨੀਕਾਂ ਨੇ ਆਪਣੇ ਪਿੰਡ ਦੇ ਅਧਿਕਾਰ ਖੇਤਰ ’ਚ ਨਾਜਾਇਜ਼ ਮਾਈਨਿੰਗ ਕਰਨ ਪੁੱਜੇ ਰੇਤ ਮਾਫ਼ੀਏ ਨੂੰ ਖੁਦ ਹੀ ਵੱਡਾ ਕਦਮ ਉਠਾਉਂਦਿਆਂ ਭਜਾ ਦਿੱਤਾ। ਇਸ ਮੌਕੇ ਰੇਤਾ ਭਰਨ ਲਈ ਪੁੱਜੀਆਂ ਪੋਕਲਾਈਨ ਅਤੇ ਦੂਜੀਆਂ ਮਸ਼ੀਨਾਂ ਦੇ ਚਾਲਕਾਂ ਅਤੇ ਮਾਲਕਾਂ ਨੇ ਇਸ ਟੱਕ ’ਚ ਦੁਬਾਰਾ ਨਾ ਆਉਣ ਦੀ ਗੱਲ ਕਰਦਿਆਂ ਆਪਣੀ ਜਾਨ ਬਚਾਈ। ਪਿਛਲੇ ਦੋ ਦਿਨਾਂ ਤੋਂ ਦੁਹਾਈ ਪਾ ਰਹੇ ਪਿੰਡ ਦੇ ਲੋਕਾਂ ਦੀ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਪਰ ਇਕ ਨਾ ਸੁਣੇ ਜਾਣ ’ਤੇ ਉਨ੍ਹਾਂ ਆਪਣੀ ਪੱਧਰ ’ਤੇ ਵਿਰੋਧ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਲੰਘੇ ਦਿਨੀਂ ਰੇਤ ਮਾਫ਼ੀਏ ਨੇ ਖੱਡਾਂ ’ਚ ਮਾਈਨਿੰਗ ਕਰਨ ਦਾ ਫ਼ੈਸਲਾ ਲਿਆ। ਇਸ ਮਗਰੋਂ ਰੇਤ ਮਾਫ਼ੀਏ ਦੇ ਲੋਕ ਵੱਡੀਆਂ-ਵੱਡੀਆਂ ਮਸ਼ੀਨਾਂ ਰਾਹੀਂ ਦਰਿਆ ਸਤਲੁਜ ਦੇ ਪਾਣੀ ਦਾ ਵਹਾਅ ਹੋਰ ਪਾਸੇ ਕਰਨ ਲਈ ਦਰਿਆ ਦੇ ’ਚ ਬੰਨ੍ਹ ਮਾਰਨ ’ਚ ਜੁੱਟ ਗਏ ਤਾਂ ਜੋ ਰੇਤਾ ਭਰਨ ਲਈ ਕੋਈ ਮੁਸ਼ਕਿਲ ਨਾ ਆਵੇ। ਇਸ ਦੌਰਾਨ ਪਿੰਡ ਗੋਰਸੀਆਂ ਖ਼ਾਨ ਮੁਹੰਮਦ ’ਚ ਰੇਤਾ ਭਰਨ ਵਾਲੇ ਵੱਡੇ-ਵੱਡੇ ਵਾਹਨਾਂ ਦੀ ਲੰਬੀਆਂ ਲਾਈਨਾਂ ਲੱਗ ਗਈਆਂ। ਇਕ ਤਰ੍ਹਾਂ ਨਾਲ ਲੋਕਾਂ ਦਾ ਪਿੰਡ ’ਚੋਂ ਜਦੋਂ ਲੰਘਣਾ ਮੁਸ਼ਕਿਲ ਹੋ ਗਿਆ ਤਾਂ ਉਨ੍ਹਾਂ ਨੇ ਇਸ ਸਬੰਧੀ ਪ੍ਰਸ਼ਾਸਨ ਨਾਲ ਗੱਲ ਕੀਤੀ, ਪਰ ਮੌਕੇ ’ਤੇ ਕੋਈ ਵੀ ਮਾਈਨਿੰਗ ਜਾਂ ਪੁਲੀਸ ਦਾ ਅਧਿਕਾਰੀ ਨਾ ਪੁੱਜਾ ਤਾਂ ਲੋਕ ਰੋਹ ’ਚ ਆ ਗਏ ਅਤੇ ਉਨ੍ਹਾਂ ਨੇ ਰੇਤ ਮਾਫ਼ੀਏ ਦੇ ਲੋਕਾਂ ਨੂੰ ਤੁਰੰਤ ਖੱਡਾਂ ਨੂੰ ਖ਼ਾਲੀ ਕਰ ਦੇਣ ਅਤੇ ਰੇਤਾ ਭਰਨ ਆਏ ਵਾਹਨਾਂ ਦੇ ਚਾਲਕਾਂ ਨੂੰ ਵਾਪਸ ਮੁੜ ਜਾਣ ਦੀ ਗੱਲ ਕੀਤੀ ਤਾਂ ਰੇਤ ਮਾਫ਼ੀਏ ਦੇ ਲੋਕ ਉਥੋਂ ਖਿਸਕ ਗਏ ਅਤੇ ਵਾਹਨਾਂ ਨੂੰ ਵੀ ਖਾਲੀ ਮੁੜਨਾ ਪਿਆ।
ਨਾਜਾਇਜ਼ ਖਣਨ ਦਾ ਵਿਰੋਧ ਜਾਰੀ ਰਹੇਗਾ: ਕੋਟਉਮਰਾ
ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਆਖਿਆ ਕਿ ਪਿੰਡ ਗੋਰਸੀਆਂ ਖ਼ਾਨ ਮੁਹੰਮਦ ਦੇ ਰਕਬੇ ’ਚ ਕੋਈ ਵੀ ਕਾਨੂੰਨੀ ਖੱਡ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਰੇਤ ਮਾਫੀਆ ਮਾਈਨਿੰਗ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਇਥੋਂ ਹੁਣ ਤੱਕ ਅਰਬਾਂ ਰੁਪਏ ਦਾ ਕੱਕਾ ਰੇਤਾ ਵੇਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਨਾਜਾਇਜ਼ ਖਣਨ ਦਾ ਲੋਕਾਂ ਦੇ ਸਹਿਯੋਗ ਨਾਲ ਵਿਰੋਧ ਜਾਰੀ ਰੱਖਣਗੇ।