ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਸਤੰਬਰ
ਪਿਛਲੇਂ ਕਾਫ਼ੀ ਸਮੇਂ ਤੋਂ ਪੰਜਾਬ ’ਚ ਹਿੰਦੂ ਮੁੱਖ ਮੰਤਰੀ ਦੀ ਮੰਗ ਕਰਦੇ ਹੋਏ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨ ਕਰਨ ਵਾਲੇ ਸ਼ਿਵ ਸੈਨਾ ਪੰਜਾਬ ਦੇ ਆਗੂਆਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਦੀ ਵੀ ਸੁਰੱਖਿਆ ਘਟਾ ਦਿੱਤੀ ਗਈ ਹੈ, ਜਦੋਂ ਕਿ ਉਨ੍ਹਾਂ ਦੇ ਚਾਰ ਸਾਥੀਆਂ ਦੇ ਨਾਲ ਨਾਲ ਟਕਸਾਲੀ ਸ਼ਿਵ ਸੈਨਿਕਾਂ ਤੇ ਸ਼ਹੀਦ ਸੁਖਦੇਵ ਥਾਪਰ ਦੇ ਵਾਰਸ ਸੰਦੀਪ ਥਾਪਰ ਗੋਰਾ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ। ਸ਼ਿਵ ਸੈਨਾ ਦੇ ਕੌਮੀ ਚੇਅਰਮੈਨ ਰਾਜੀਵ ਟੰਡਨ ਤੇ ਟਕਸਾਲੀ ਸ਼ਿਵ ਸੈਨਿਕ ਸੰਦੀਪ ਥਾਪਰ ਗੋਰਾ ਨੇ ਦੱਸਿਆ ਕਿ ਸੁਰੱਖਿਆ ਘੱਟ ਕਰਨ ਜਾਂ ਫਿਰ ਹਟਾਉਣ ਨਾਲ ਉਨ੍ਹਾਂ ਦੀ ਮੰਗ ਬਦਲ ਨਹੀਂ ਜਾਵੇਗੀ। ਉਹ ਪਹਿਲਾਂ ਵੀ ਹਿੰਦੂ ਮੁੱਖ ਮੰਤਰੀ ਦੀ ਮੰਗ ਕਰਦੇ ਰਹੇ ਹਨ ਤੇ ਅੱਗੇ ਵੀ ਕਰਦੇ ਰਹਿਣਗੇ। ਇਸ ਦੌਰਾਨ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਆਗੂ ਅਮਿਤ ਕੌਂਡਲ ਤੇ ਨਿਤੀਸ਼ ਨਾਰੰਗ ਦੇ ਕੋਲ ਵੀ ਇੱਕ ਇੱਕ ਗੰਨਮੈਨ ਸੀ, ਜਿਸ ਨੂੰ ਵਾਪਸ ਲੈ ਲਿਆ ਗਿਆ ਹੈ। ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਭਾਨੂ ਪ੍ਰਤਾਪ ਸਿੰਘ ਕੋਲ ਵੀ ਸੁਰੱਖਿਆ ਮੁਲਾਜ਼ਮ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ ਹੀ ਵਾਪਸ ਲੈ ਲਿਆ ਗਿਆ ਹੈ। ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ’ਚੋਂ ਇੱਕ ਮੁਲਾਜ਼ਮ ਘੱਟ ਕੀਤਾ ਗਿਆ ਹੈ, ਜਦੋਂ ਕਿ ਸੰਦੀਪ ਥਾਪਰ, ਅਮਿਤ ਕੌਂਡਲ, ਭਾਨੂ ਪ੍ਰਤਾਪ ਤੇ ਨਿਤੀਸ਼ ਨਾਰੰਗ ਦੀ ਸੁਰੱਖਿਆ ਪੁਲੀਸ ਨੇ ਵਾਪਸ ਲੈ ਲਈ ਹੈ।