ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 2 ਫਰਵਰੀ
ਪਾਣੀ ਪੀਣ ਦੇ ਬਹਾਨੇ ਘਰ ਅੰਦਰ ਜਾ ਕੇ 12 ਸਾਲ ਦੀ ਨਾਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਵਾਲੇ ਸੁਰੱਖਿਆ ਗਾਰਡ ਨੂੰ ਥਾਣਾ ਜੋਧਾਂ ਦੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਕੇ, ਉਸ ਵਿਰੁੱਧ ਬਲਾਤਕਾਰ ਅਤੇ ਬੱਚਿਆਂ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਗਈ ਹੈ। ਪੀੜਤ ਬੱਚੀ ਵੱਲੋਂ ਸਾਈਕਲ ’ਤੇ ਲੰਘ ਰਹੇ ਮੁਲਜ਼ਮ ਨੂੰ ਪਛਾਣਨ ’ਤੇ ਹੀ ਉਸ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ ਹੈ। ਲਾਗਲੇ ਪਿੰਡ ਦੇ ਫਾਰਮ ਹਾਊਸ ਉੱਪਰ ਪਿਛਲੇ ਕਰੀਬ ਦਸ ਸਾਲ ਤੋਂ ਰਹਿ ਰਹੇ ਵਿਅਕਤੀ ਨੇ ਥਾਣਾ ਜੋਧਾਂ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਡਿਊਟੀ ’ਤੇ ਸੀ ਤਾਂ ਵੱਡੀ ਲੜਕੀ (12) ਨੇ ਫੋਨ ’ਤੇ ਰੋਂਦਿਆਂ ਦੱਸਿਆ ਕਿ ਇਕ ਨੀਲੀ ਪੱਗ ਵਾਲੇ ਸੁਰੱਖਿਆ ਗਾਰਡ ਨੇ ਘਰ ਆ ਕੇ ਪੀਣ ਲਈ ਪਾਣੀ ਮੰਗਿਆ ਸੀ ਤੇ ਜਬਰੀ ਅੰਦਰ ਆ ਗਿਆ ਅਤੇ ਜ਼ੋਰ-ਜਬਰਦਸਤੀ ਕੀਤੀ। ਜਾਂਚ ਅਫ਼ਸਰ ਸਬ-ਇੰਸਪੈਕਟਰ ਰੁਪਿੰਦਰ ਕੌਰ ਅਨੁਸਾਰ ਗੁਰਚਰਨ ਸਿੰਘ ਉਰਫ਼ ਭਾਨ ਵਾਸੀ ਪਿੰਡ ਮੋਹੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।