ਸਤਵਿੰਦਰ ਬਸਰਾ
ਲੁਧਿਆਣਾ, 6 ਜਨਵਰੀ
ਕਰੋਨਾ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਬੰਦ ਹੋਏ ਸਕੂਲਾਂ ਵਿੱਚ 7 ਜਨਵਰੀ ਤੋਂ ਦੁਬਾਰਾ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਇਸ ਸਬੰਧੀ ਬਹੁਤੇ ਸਕੂਲਾਂ ਨੇ ਕਰੋਨਾ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਹਨ। ਹੁਣ ਸਰਕਾਰ ਨੇ ਪੰਜਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਦਾ ਹੁਕਮ ਦਿੱਤਾ ਹੈ। ਸਰਕਾਰੀ ਸਮਾਰਟ ਸਕੂਲ ਪੀਏਯੂ ਦੇ ਪ੍ਰਿੰਸੀਪਲ ਸੰਜੀਵ ਥਾਪਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਦੁਪਹਿਰ ਸਮੇਂ ਹੀ ਪੰਜਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਸਕੂਲ ਖੁੱਲ੍ਹਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਸਕੂਲ ਅਧਿਆਪਕਾਂ ਨੂੰ ਸੂਚਿਤ ਕਰ ਦਿੱਤਾ ਗਿਆ। ਭਾਵੇਂ ਸਕੂਲ ਵਿੱਚ ਪਹਿਲਾਂ ਹੀ 9ਵੀਂ ਤੋਂ 12ਵੀਂ ਦੀਆਂ ਜਮਾਤਾਂ ਲੱਗਦੀਆਂ ਸਨ ਪਰ ਹੁਣ 5ਵੀਂ ਤੋਂ 9ਵੀਂ ਜਮਾਤ ਦੇ ਬੱਚਿਆਂ ਦੇ ਆਉਣ ਨਾਲ ਹੋਰ ਸੁਚੇਤ ਰਹਿਣਾ ਪਵੇਗਾ। ਇਸ ਲਈ ਸਕੂਲ ’ਚ ਆਉਣ ਵਾਲੇ ਬੱਚਿਆਂ ਨੂੰ ਪਹਿਲਾਂ ਮਾਸਕ ਪੁਆਏ ਜਾਣਗੇ। ਜਿਹੜੇ ਬੱਚੇ ਮਾਸਕ ਨਹੀਂ ਲੈ ਕੇ ਆਉਣਗੇ, ਉਨ੍ਹਾਂ ਨੂੰ ਸਕੂਲ ਵੱਲੋਂ ਦਿੱਤੇ ਜਾਣਗੇ। ਹੱਥਾਂ ਨੂੰ ਸੈਨੇਟਾਈਜ਼ ਕਰਵਾਉਣ ਲਈ ਨਾਨ-ਟੀਚਿੰਗ ਸਟਾਫ ਦੀ ਡਿਊਟੀ ਲਗਾ ਦਿੱਤੀ ਗਈ ਹੈ। ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਦੇ ਨੈਸ਼ਨਲ ਐਵਾਰਡੀ ਅਧਿਆਪਕ ਕਰਮਜੀਤ ਗਰੇਵਾਲ ਨੇ ਦੱਸਿਆ ਕਿ ਸਕੂਲ ਖੁੱਲ੍ਹਣ ਦੀ ਖਬਰ ਸੁਣਦਿਆਂ ਹੀ ਬੱਚਿਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਨੂੰ ਵਾਰ ਵਾਰ ਮਾਪਿਆਂ ਦੇ ਫੋਨ ਆ ਰਹੇ ਹਨ। ਸਕੂਲਾਂ ’ਚ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਪੂਰੀ ਤਿਆਰੀ ਹੈ।