ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 8 ਅਗਸਤ
ਪਿੰਡ ਮੱਲ੍ਹੀਪੁਰ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਗੁਰੂ ਤੇਗ ਬਹਾਦਰ ਸਕੂਲ ਦੋਰਾਹਾ ਦੇ ਕਰੀਬ ਇੱਕ ਦਰਜਨ ਬੱਚੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਤਿੰਨ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ। ਇਹ ਹਾਦਸਾ ਸਕੂਲ ਵੈਨ ਅਤੇ ਕਾਰ ਵਿਚਕਾਰ ਟੱਕਰ ਹੋਣ ਕਾਰਨ ਵਾਪਰਿਆ। ਜ਼ਖ਼ਮੀ ਬੱਚਿਆਂ ਨੂੰ ਨੇੜਲੇ ਰਾਜਵੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐੱਸਐੱਚਓ ਲਖਵੀਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹੋਏ ਰਮਨਦੀਪ, ਨਵਜੋਤ, ਮੁਸਕਾਨ ਅਤੇ ਰਮਨਦੀਪ ਨੂੰ ਦੋਰਾਹਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਵਿਦਿਆ, ਨਵਦੀਪ ਤੇ ਰਵਿੰਦਰ ਨੂੰ ਗੰਭੀਰ ਜ਼ਖ਼ਮੀ ਹੋਣ ਕਾਰਨ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।
ਇਹ ਹਾਦਸਾ ਵੈਨ ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹਾਦਸੇ ਦਾ ਪਤਾ ਲੱਗਣ ’ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਹਸਪਤਾਲ ਪੁੱਜ ਕੇ ਜ਼ਖ਼ਮੀ ਬੱਚਿਆਂ ਦਾ ਹਾਲ-ਚਾਲ ਪੁੱਛਿਆ। ਇਸ ਸਬੰਧੀ ਸਕੂਲ ਪ੍ਰਿੰਸੀਪਲ ਗੁਰਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਪੱਪੂ ਅਤੇ ਕੌਸਲਰਾਂ ਨੇ ਜ਼ਖ਼ਮੀ ਬੱਚਿਆਂ ਦਾ ਹਾਲ-ਚਾਲ ਪੁੱਛਿਆ।
ਸੜਕ ਹਾਦਸੇ ’ਚ ਕਾਰ ਸਵਾਰ ਦੀ ਮੌਤ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਲੁਧਿਆਣਾ-ਫਿਰੋਜ਼ਪੁਰ ਮਾਰਗ ਤੇ ਸਿੱਧਵਾਂ ਕਾਲਜ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੜਕ ਪੁੱਟੀ ਹੋਣ ਕਾਰਨ ਪੈਂਚਰ ਹੋਇਆ ਟਰੱਕ ਥੋੜ੍ਹਾ ਸੜਕ ਉੱਪਰ ਹੀ ਖੜ੍ਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਟਰੱਕ ਦੇ ਹੇਠਾਂ ਵੜ ਗਈ। ਇਸ ਕਾਰਨ ਕਾਰ ਚਾਲਕ ਪਰਮਿੰਦਰ ਸਿੰਘ (35) ਵਾਸੀ ਪਿੰਡ ਮਾਜਰੀ (ਸਵੱਦੀ) ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਲੋਕਾਂ ਨੇ ਪ੍ਰਾਈਵੇਟ ਜੇਸੀਬੀ ਮੰਗਵਾ ਕੇ ਕਾਰ ਨੂੰ ਟਰੱਕ ਹੇਠੋਂ ਕੱਢਿਆ। ਲੋਕਾਂ ਨੇ ਦੱਸਿਆ ਕਿ ਟੌਲ ਪ੍ਰਬੰਧਕਾਂ ਨੇ ਡਰਾਈਵਰਸ਼ੀਨ ਨਾ ਹੋਣ ਦਾ ਆਖ ਕੇ ਮ ਦੇਣ ਤੋਂ ਨਾਂਹ ਕਰ ਦਿੱਤੀ। ਲੋਕਾਂ ਨੇ ਸੜਕ ਪੁੱਟ ਕੇ ਮੁਰੰਮਤ ਨਾ ਕਰਵਾਉਣ ’ਤੇ ਵੀ ਸਵਾਲ ਚੁੱਕੇ। ਇਸ ਸਬੰਧੀ ਜਦੋਂ ਸੰਪਰਕ ਕੀਤਾ ਗਿਆ ਤਾਂ ਸੂਚਨਾ ਮਿਲੀ ਕਿ ਟੌਲ ਪਲਾਜ਼ਾ ’ਤੇ ਕੋਈ ਅਧਿਕਾਰੀ ਮੌਜੂਦ ਨਹੀਂ ਹੈ।