ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਜੁਲਾਈ
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਅਤੇ ਹਰਜੀਤ ਸਿੰਘ ਬਲਹਾਰੀ ਨੇ ਕਿਹਾ ਕਿ ਸਕੂਲਾਂ ’ਚ ਅਧਿਆਪਕਾਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸਿੱਖਿਆ ਸੁਧਾਰਨ ਦੀ ਗਾਰੰਟੀ ਦਿੱਤੀ ਸੀ। ਸਰਕਾਰ ਬਣੀ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ ਪਰ ਸਿੱਖਿਆ ’ਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। ਸੀਨੀਅਰ ਸੈਕੰਡਰੀ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ ਲਗਭਗ 400 ਅਸਾਮੀਆਂ, ਹਾਈ ਸਕੂਲਾਂ ’ਚ ਅੱਧ ਤੋਂ ਜ਼ਿਆਦਾ ਹੈਡਮਾਸਟਰ ਨਹੀਂ ਹਨ। ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰਾਂ ਦੀਆਂ ਕਈ ਅਸਾਮੀਆਂ ਖਾਲੀ ਹਨ। ਪ੍ਰਾਇਮਰੀ ਸਿੱਖਿਆ ਦਾ ਹਾਲ ਇਸ ਤੋਂ ਵੀ ਮਾੜਾ ਹੈ। ਪ੍ਰਾਇਮਰੀ ਅਧਿਆਪਕ ਤਰੱਕੀਆਂ ਉਡੀਕ ਰਹੇ ਹਨ, ਇਕੱਲੇ ਇਕੱਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੂੰ 10 ਬਲਾਕਾਂ ਦੀ ਡਿਊਟੀ ਸੰਭਾਲ ਦਿੱਤੀ ਹੈ। ਇਸ ਤਰ੍ਹਾਂ ਸਿੱਖਿਆ ਸੁਧਾਰ ਨਹੀਂ ਹੋਣੇ।
ਵਧੇਰੇ ਸਕੂਲਾਂ ਦਾ ਦਰਜਾ ਚਾਰ ਕਰਚਮਾਰੀ ਕਈ ਸਾਲ ਤੋਂ ਭਰਤੀ ਕਰ ਕੇ ਨਹੀਂ ਭੇਜੇ ਗਏ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇ ਸਰਕਾਰ ਸਿੱਖਿਆ ’ਚ ਸੁਧਾਰ ਕਰਨ ਦੀ ਇਛੁੱਕ ਹੈ ਤਾਂ ਤੁਰੰਤ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਬੁਲਾ ਕੇ ਸਕੂਲ ਪ੍ਰਿੰਸੀਪਲ, ਹੈਡ ਮਾਸਟਰ, ਸੈਂਟਰ ਹੈਡ ਟੀਚਰ, ਬਲਾਕ ਪ੍ਰਾਇਮਰੀ ਅਧਿਕਾਰੀਪ, ਜ਼ਿਲ੍ਹਾ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਕੀਤੀਆਂ ਜਾਣ। ਸਿੱਖਿਆ ਦੀਆਂ ਨਵੀਆਂ ਤਕਨੀਕਾਂ ਦੀ ਜਾਣਕਾਰੀ ਲਈ ਜ਼ਿਲ੍ਹਿਆਂ ’ਚ ਬੰਦ ਕੀਤੇ ਸਰਕਾਰੀ ਇਨ ਸਰਵਿਸ ਟੀਚਰ ਟ੍ਰੇਨਿੰਗ ਸੈਂਟਰ ਤੁਰੰਤ ਖੋਲ੍ਹੇ ਜਾਣ।