ਜੋਗਿੰਦਰ ਸਿੰਘ ਓਬਰਾਏ
ਖੰਨਾ, 10 ਮਾਰਚ
ਪੰਜਾਬ ਵਿਧਾਨ ਸਭਾ ਹਲਕਾ ਖੰਨਾ ਦੇ ਐਲਾਨੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਰਨਪ੍ਰੀਤ ਸਿੰਘ ਸੌਂਦ ਨੇ ਅਕਾਲੀ ਦਲ ਦੀ ਉਮੀਦਵਾਰ ਜਸਦੀਪ ਕੌਰ ਯਾਦੂ ਤੇ ਕਾਂਗਰਸ ਦੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਭਾਰੀ ਬਹੁਮਤ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਇਸ ਹਲਕੇ ਤੋਂ 10 ਉਮੀਦਵਾਰ ਮੈਦਾਨ ਵਿੱਚ ਸਨ। ਜ਼ਿਕਰਯੋਗ ਹੈ ਕਿ ਕਾਂਗਰਸੀ ਉਮੀਦਵਾਰ ਕੋਟਲੀ ਇਥੋਂ ਪਹਿਲਾ 2012 ਅਤੇ 2017 ਵਿਚ ਜੇਤੂ ਰਹੇ ਪ੍ਰੰਤੂ ਇਸ ਵਾਰ ਉਹ ਤੀਜੇ ਨੰਬਰ ’ਤੇ ਰਹੇ ਜਦੋਂ ਕਿ ਅਕਾਲੀ ਦਲ ਦੀ ਉਮੀਵਾਰ ਦੂਜੇ ਨੰਬਰ ’ਤੇ ਰਹੀ। ਵਰਨਣਯੋਗ ਹੈ ਕਿ ਇਸ ਹਲਕੇ ਤੋਂ ਪਹਿਲੀ ਵਾਰ ਚੋਣ ਲੜਨ ਵਾਲੇ ਸ੍ਰੀ ਸੌਂਦ ਨੇ 48.5 ਪ੍ਰਤੀਸ਼ਤ ਵੋਟਾਂ ਲਈਆਂ ਜੋ ਕਿ ਰਿਕਾਰਡ ਹੈ। ਉਨ੍ਹਾਂ ਨੂੰ 61951 ਵੋਟਾਂ ਪ੍ਰਾਪਤ ਹੋਈਆਂ, ਜਦੋਂ ਕਿ ਅਕਾਲੀ ਦਲ ਨੂੰ 26,635 ਵੋਟਾਂ ਮਿਲੀਆਂ, ਇਸ ਤਰ੍ਹਾਂ ਸੌਂਦ 35316 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਕਾਂਗਰਸ ਦੇ ਕੋਟਲੀ ਨੂੰ ਮਹਿਜ 20181 ਵੋਟਾਂ ਮਿਲੀਆਂ। ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ 12575 ਵੋਟਾਂ ਹੀ ਨਸੀਬ ਹੋਈਆਂ ਤੇ ਉਹ ਚੌਥੇ ਨੰਬਰ ਤੇ ਰਹੇ ਜਦੋਂ ਕਿ ਅਕਾਲੀ ਦਲ (ਅੰਮ੍ਰਿਤਸਰ) ਦੇ ਪਰਮਜੀਤ ਸਿੰਘ ਰਿੰਕਾ ਨੂੰ 3933 ਵੋਟਾਂ ਪ੍ਰਾਪਤ ਹੋਈਆਂ। ਚੋਣ ਜਿੱਤਣ ਉਪਰੰਤ ਅੱਜ ਦੁਪਹਿਰ ਆਪ ਸਮਰਥਕਾਂ ਵੱਲੋਂ ਖੰਨਾ ਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿਚ ਭਾਰੀ ਜੇਤੂ ਜਲੂਸ ਕੱਢਿਆ ਗਿਆ। ਸਮਰਥਕਾਂ ਵੱਲੋਂ ਲੱਡੂ ਵੰਡੇ ਗਏ ਤੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।