ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਅਪਰੈਲ
ਲੁਧਿਆਣਾ ਵਿੱਚ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਟਾਸਕ ਫੋਰਸ ਕਮੇਟੀ ਦੇ ਚੇਅਰਮੈਨ ਵੱਜੋਂ ਨਾਮਧਾਰੀ ਸੰਪਰਦਾਇ ਦੇ ਸਤਿਗੁਰੂ ਉਦੈ ਸਿੰਘ ਨੇ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ। ਦੱਸਿਆ ਜਾ ਰਿਹਾ ਹੈ ਕਿ ਸਤਿਗੁਰੂ ਉਦੈ ਸਿੰਘ ਬੁੱਢੇ ਦਰਿਆ ਨੂੰ ਸਾਫ਼ ਕਰਨ ਵਾਲੇ ਵਿਭਾਗਾਂ ਦੀ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ ਸਨ। ਦੱਸ ਦਈਏ ਕਿ ਲੁਧਿਆਣਾ ਦੇ ਬੁੱਢੇ ਦਰਿਆ ਨੂੰ ਸਾਫ਼ ਕਰਨ ਦੇ ਲਈ ਕੈਪਟਨ ਸਰਕਾਰ ਨੇ 650 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਐਲਾਨ ਕੀਤਾ ਸੀ। ਇਸਦੇ ਲਈ ਕਾਂਗਰਸ ਸਰਕਾਰ ਨੇ ਟਾਸਕ ਫੋਰਸ ਕਮੇਟੀ ਬਣਾਈ ਸੀ, ਜਿਸ ਦੇ ਚੇਅਰਮੈਨ ਸਤਿਗੁਰੂ ਉਦੈ ਸਿੰਘ ਨੂੰ ਲਗਾਇਆ ਗਿਆ ਸੀ। ਉਨ੍ਹਾਂ ਨੇ ਨਿਗਮ, ਪ੍ਰਦੂਸ਼ਣ ਵਿਭਾਗ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਸਨ।