ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਜੁਲਾਈ
ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਬੁਰਜ ਪਵਾਤ ਦੀ ਕਾਂਗਰਸ ਪਾਰਟੀ ਨਾਲ ਸਬੰਧਿਤ ਸਰਪੰਚਣੀ ਜਸਵੀਰ ਕੌਰ ਦਾ ਪਤੀ ਜੋਗਾ ਸਿੰਘ ਜਿਸਨੇ ਪਿਛਲੀ 24 ਜੁਲਾਈ ਨੂੰ ਸਰਹਿੰਦ ਨਹਿਰ ਕਿਨਾਰੇ ਖੜ੍ਹ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕੀਤੀ ਸੀ ਕਿ ਉਹ 2 ਵਿਅਕਤੀਆਂ ਤੋਂ ਪ੍ਰੇਸ਼ਾਨ ਹੋ ਕੇ ਨਹਿਰ ਵਿਚ ਛਾਲ ਮਾਰ ਰਿਹਾ ਹੈ ਪਰ ਉਹ ਜਿਉਂਦਾ ਮਿਲ ਗਿਆ। ਸਰਪੰਚਣੀ ਜਸਵੀਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਜੋਗਾ ਸਿੰਘ ਦੀ ਪਰਿਵਾਰਕ ਮੈਂਬਰਾਂ ਨਾਲ ਨਹਿਰ ਕਿਨਾਰੇ ਤਲਾਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੜ੍ਹੀ ਪੁਲ ਤੋਂ ਕੁਝ ਹੀ ਦੂਰੀ ’ਤੇ ਇੱਕ ਦਰੱਖਤ ਹੇਠ ਫਸੇ ਹੋਏ ਬੇਸੁੱਧ ਹਾਲਤ ਵਿਚ ਉਸਦਾ ਪਤੀ ਮਿਲਿਆ। ਪਰਿਵਾਰ ਵਲੋਂ ਜੋਗਾ ਸਿੰਘ ਨੂੰ ਸਿਵਲ ਹਸਪਤਾਲ ਸਮਰਾਲਾ ਦਾਖਲ ਕਰਵਾਇਆ ਗਿਆ ਹੈ। ਸਰਪੰਚਣੀ ਜਸਵੀਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਅਜੇ ਬੇਸੁਧ ਹਾਲਤ ਵਿਚ ਹੈ ਜੋ ਕੁਝ ਵੀ ਦੱਸਣ ਦੇ ਯੋਗ ਨਹੀਂ ਹੈ ਕਿ ਉਸਨੇ ਨਹਿਰ ਵਿਚ ਛਾਲ ਮਾਰੀ ਅਤੇ ਕਿਸ ਤਰ੍ਹਾਂ ਬਚਾਅ ਹੋ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ 2020 ’ਚ ਵੀ ਸਰਪੰਚਣੀ ਦਾ ਪਤੀ ਜੋਗਾ ਸਿੰਘ ਲਾਪਤਾ ਹੋ ਗਿਆ ਸੀ ਜਿਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਮਾਛੀਵਾੜਾ ਪੁਲਸ ਥਾਣਾ ’ਚ ਰਿਪੋਰਟ ਵੀ ਦਰਜ ਕਰਵਾਈ ਸੀ ਅਤੇ ਉਸ ਵੇਲੇ ਵੀ ਸ਼ੰਕਾ ਕੀਤੀ ਜਾ ਰਹੀ ਸੀ ਕਿ ਉਸਨੇ ਪ੍ਰੇਸ਼ਾਨ ਹੋ ਕੇ ਆਤਮ-ਹੱਤਿਆ ਨਾ ਕਰ ਲਈ ਹੋਵੇ ਪਰ ਉਹ ਜਿਉਂਦਾ ਮਿਲ ਗਿਆ ਸੀ। ਇਸੇ ਤਰ੍ਹਾਂ ਹੁਣ ਫਿਰ ਜੋਗਾ ਸਿੰਘ ਦੂਜੀ ਵਾਰ ਜਿਉਂਦਾ ਮਿਲ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਹਸਪਤਾਲ ’ਚ ਇਲਾਜ ਅਧੀਨ ਜੋਗਾ ਸਿੰਘ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾਵੇਗੀ।