ਸੰਤੋਖ ਗਿੱਲ
ਰਾਏਕੋਟ, 11 ਅਕਤੂਬਰ
ਲਾਗਲੇ ਪਿੰਡ ਨੂਰਪੁਰਾ ਦੀ ਸਰਪੰਚ ਚਰਨਜੀਤ ਕੌਰ ਨੇ ਸਭ ਕਾਨੂੰਨ ਕਾਇਦੇ ਛਿੱਕੇ ਟੰਗ ਕੇ ਪਿੰਡ ਰਾਜੋਆਣਾ ਖ਼ੁਰਦ ਦੇ ਬੰਨੇ ’ਤੇ ਅੱਧਾ ਏਕੜ ਪੰਚਾਇਤੀ ਜ਼ਮੀਨ ਵਿੱਚੋਂ 6 ਤੋਂ 7 ਫੁੱਟ ਮਿੱਟੀ ਆਪਣੇ ਸਮਰਥਕਾਂ ਨੂੰ ਚੁਕਵਾ ਦਿੱਤੀ ਹੈ ਹਾਲਾਂਕਿ ਉਨ੍ਹਾਂ ਦੇ ਪਤੀ ਅਮਰਜੀਤ ਸਿੰਘ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਵਿਚੋਂ ਮਿੱਟੀ ਚੁੱਕ ਕੇ ਨਵੇਂ ਬਣ ਰਹੇ ਪਾਰਕ ਵਿਚ ਭਰਤ ਪਾਇਆ ਗਿਆ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਕੱਤਰ ਹਰਕਮਲਜੀਤ ਸਿੰਘ ਨੇ ਕਿਹਾ ਕਿ ਵਿਭਾਗੀ ਮਨਜ਼ੂਰੀ ਨਾਲ ਪੰਚਾਇਤੀ ਜ਼ਮੀਨ ਪੱਧਰ ਤਾਂ ਕੀਤੀ ਜਾ ਸਕਦੀ ਹੈ, ਪਰ ਮਿੱਟੀ ਚੁੱਕਣਾ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ, ਜਾਂਚ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਿੰਡ ਨੂਰਪੁਰਾ ਦੇ ਪੰਚ ਬਹਾਦਰ ਸਿੰਘ ਨੇ ਦੱਸਿਆ ਕਿ ਇਸ ਜ਼ਮੀਨ ਵਿਚ ਕਰੀਬ 20 ਸਾਲ ਪੁਰਾਣਾ ਦਰੱਖਤ ਵੀ ਪੁੱਟ ਦਿੱਤਾ ਗਿਆ ਹੈ। ਸਰਪੰਚ ਚਰਨਜੀਤ ਕੌਰ ਦੇ ਪਤੀ ਅਮਰਜੀਤ ਸਿੰਘ ਨੇ ਖ਼ੁਦ ਗੱਲ ਕਰਦਿਆਂ ਕਿਹਾ ਕਿ ਤਿੰਨ ਹਫ਼ਤੇ ਪਹਿਲਾਂ ਪੰਚਾਇਤ ਵੱਲੋਂ ਮਤਾ ਪਾਸ ਕਰ ਕੇ ਬੀਡੀਪੀਓ ਰਾਏਕੋਟ ਤੋਂ ਮਿੱਟੀ ਚੁੱਕਣ ਦੀ ਮਨਜ਼ੂਰੀ ਲੈ ਲਈ ਗਈ ਸੀ। ਪਿੰਡ ਨੂਰਪੁਰਾ ਦੇ ਪੰਚਾਇਤ ਸਕੱਤਰ ਜਸਵੰਤ ਸਿੰਘ ਨੇ ਸਰਪੰਚ ਚਰਨਜੀਤ ਕੌਰ ਦੇ ਪਤੀ ਅਮਰਜੀਤ ਸਿੰਘ ਦੇ ਦਾਅਵੇ ਨੂੰ ਗ਼ਲਤ ਕਰਾਰ ਦਿੰਦੇ ਹੋਏ ਕਿਹਾ ਕਿ ਅਜਿਹਾ ਕੋਈ ਮਤਾ ਪੰਚਾਇਤ ਵੱਲੋਂ ਪਾਸ ਨਹੀਂ ਕੀਤਾ ਗਿਆ ਅਤੇ ਨਾ ਹੀ ਮਨਜ਼ੂਰੀ ਲਈ ਗਈ ਹੈ।
ਪੰਚਾਇਤੀ ਜ਼ਮੀਨ ਵਿੱਚੋਂ ਿਮੱਟੀ ਚੁੱਕਣਾ ਗ਼ੈਰਕਾਨੂੰਨੀ: ਬੀਡੀਪੀਓ
ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਏਕੋਟ ਪਰਮਿੰਦਰ ਸਿੰਘ ਲੋਹਟ ਨੇ ਸੰਪਰਕ ਕਰਨ ’ਤੇ ਕਿਹਾ ਕਿ ਅਜਿਹਾ ਕੋਈ ਮਾਮਲਾ ਮੇਰੇ ਧਿਆਨ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਵਿਚੋਂ ਮਿੱਟੀ ਕੱਢਣਾ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਹੈ, ਇਸ ਲਈ ਕਿਸੇ ਮਨਜ਼ੂਰੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹ ਖ਼ੁਦ ਮੌਕਾ ਦੇਖਣਗੇ ਅਤੇ ਇਸ ਦੀ ਰਿਪੋਰਟ ਉੱਚ-ਅਧਿਕਾਰੀਆਂ ਨੂੰ ਭੇਜੀ ਜਾਵੇਗੀ।