ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਜੂਨ
ਜਦੋਂ ਦੀ ਪੰਜਾਬ ’ਚ ਆਪ ਦੀ ਸਰਕਾਰ ਆਈ ਹੈ, ਉਸ ਤੋਂ ਬਾਅਦ ਪੰਜਾਬ ਦੇ ਵੱਖ ਵੱਖ ਪਿੰਡਾਂ ’ਚ ਪਿਛਲੀਆਂ ਸਰਕਾਰਾਂ ਵੱਲੋਂ ਵੱਡੇ ਪੱਧਰ ’ਤੇ ਸ਼ੁਰੂ ਕੀਤੇ ਵਿਕਾਸ ਕਾਰਜ ਠੱਪ ਹੋਏ ਪਏ ਹਨ, ਜਿਸ ਕਾਰਨ ਪਿੰਡਾਂ ਦੇ ਲੋਕਾਂ ’ਚ ਆਪ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਗੱਲ ਅੱਜ ਇਥੇ ਸਤਵਿੰਦਰ ਸਿੰਘ ਸਰਪੰਚ ਕਲਾਲਮਾਜਰਾ ਨੇ ਕਹੀ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿਚ ਪਿਛਲੀ ਕਾਂਗਰਸ ਸਰਕਾਰ ਨੇ ਵਿਕਾਸ ਕਾਰਜ ਸ਼ੁਰੂ ਕਰਵਾਏ ਸੀ, ਉਹ ਵੀ ਠੱਪ ਹੋਏ ਪਏ ਹਨ, ਜਿਹੜੀਆਂ ਗ੍ਰਾਂਟਾਂ ਦੇ ਪੈਸੇ ਵਿਕਾਸ ਕਾਰਜਾਂ ਲਈ ਕਾਂਗਰਸ ਸਰਕਾਰ ਨੇ ਭੇਜੇ ਸਨ, ਉਹ ਵੀ ਆਪ ਸਰਕਾਰ ਨੇ ਵਾਪਸ ਮੰਗਵਾ ਲਏ, ਜਿਸ ਕਾਰਨ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜ ਬੰਦ ਹੋਏ ਪਏ ਹਨ। ਗਰੀਬ ਵਰਗ ਦੇ ਲੋਕਾਂ ਦੇ ਮਕਾਨ ਲੈਂਟਰ ਤੋਂ ਬਿਨਾਂ ਅੱਧ ਵਿਚਕਾਰ ਲਟਕੇ ਪਏ ਹਨ। ਲੋਕ ਝੁੱਗੀਆਂ ’ਚ ਰਹਿਣ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮੇਰੇ ਪਿੰਡ ਨੂੰ ਸਵੱਛ ਭਾਰਤ ਯੋਜਨਾ ਅਧੀਨ ਛੇ ਲੱਖ ਦੇ ਕਰੀਬ ਕਾਂਗਰਸ ਸਰਕਾਰ ਨੇ ਗ੍ਰਾਂਟ ਭੇਜੀ ਸੀ। ਉਹ ਵੀ ਭਗਵੰਤ ਮਾਨ ਸਰਕਾਰ ਨੇ ਵਾਪਸ ਮੰੰਗਵਾ ਲਈ, ਜਿਸ ਕਾਰਨ ਜੋ ਪਿੰਡ ਵਿਚ ਟ੍ਰੀਟਮੈਂਟ ਪਲਾਂਟ ਲੱਗਣਾ ਸੀ ਉਹ ਵੀ ਕੰਮ ਬੰਦ ਹੋ ਗਿਆ। ਇਸ ਕਰਕੇ ਸਰਕਾਰ ਬਿਨਾਂ ਪੱਖਪਾਤ ਗਰਾਂਟ ਜਾਰੀ ਕਰੇ।