ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 23 ਅਗਸਤ
ਇੱਥੇ ਰੇਲਵੇ ਪਾਰਕ ’ਚ ਚੱਲ ਰਹੇ ਕਿਸਾਨ ਮੋਰਚੇ ਦੇ 326ਵੇਂ ਦਿਨ ਧਰਨੇ ਦੀ ਅਗਵਾਈ ਬੰਤਾ ਸਿੰਘ ਡੱਲਾ ਨੇ ਕੀਤੀ। ਦਰਸ਼ਨ ਸਿੰਘ ਗਾਲਬਿ, ਮਹਿੰਦਰ ਸਿੰਘ ਕਮਾਲਪੁਰਾ, ਧਰਮ ਸਿੰਘ ਸੂਜਾਪੁਰ ਤੇ ਹੋਰ ਕਿਸਾਨ ਆਗੂਆਂ ਨੇ ਖੇਤੀ ਦੇ ਕਾਲੇ ਕਾਨੂੰਨ ਵਾਪਸ ਲੈਣ ਦੀ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੂਰੇ ਦੇਸ਼ ’ਚ ਭਾਜਪਾ ਦੀ ਕਾਰਪੋਰੇਟ ਪੱਖੀ ਸਰਕਾਰ ਖ਼ਿਲਾਫ਼ ਪ੍ਰਚਾਰ ਮੁਹਿੰਮ ਚਲਾ ਰਿਹਾ ਹੈ। ਝਾਰਖੰਡ, ਉੱਤਰ ਪ੍ਰਦੇਸ਼, ਤਾਮਿਲਨਾਡੂ, ਮਹਾਰਾਸ਼ਟਰ, ਬਿਹਾਰ, ਉੜੀਸਾ ’ਚ ਕਿਸਾਨ ਮਹਾਪੰਚਾਇਤਾਂ ਤੇ ਮਾਰਚ ਲੋਕਾਂ ਨੂੰ ਮੋਦੀ ਹਕੂਮਤ ਖ਼ਿਲਾਫ਼ ਲਾਮਬੰਦ ਕਰ ਰਹੇ ਹਨ। ਭਾਜਪਾ ਦੇ ਵੱਡੀ ਪੱਧਰ ’ਤੇ ਲੀਡਰਾਂ ਦਾ ਟੁੱਟ ਕੇ ਅਕਾਲੀਆਂ ’ਚ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਅੰਦਰਖਾਤੇ ਮੋਦੀ ਬਾਦਲ ਘਿਓ ਖਿਚੜੀ ਹਨ। ਉਨ੍ਹਾਂ ਹਰਿਆਣਾ ਦੇ ਅੰਦਰ ਕਿਸਾਨਾਂ ’ਤੇ ਦਰਜ 138 ਕੇਸਾਂ ’ਚ 687 ਕਿਸਾਨ ਆਗੂਆਂ ਨੂੰ ਨਾਵਾਂ ਰਾਹੀਂ ਅਤੇ 38,000 ਕਿਸਾਨਾਂ ਨੂੰ ਅਣਪਛਾਤੇ ਨਾਮਜ਼ਦ ਕਰਨਾ ਦਰਸਾਉਂਦਾ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਅੰਦਰੋਂ ਕਿੰਨੀ ਡਰੀ ਹੋਈ ਹੈ।
ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ’ਚ ਮੰਤਰੀ ਰਾਮ ਚੌਹਾਨ ਨੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਮੰਨਿਆ ਹੈ ਕਿ ਖੇਤੀ ਸਬੰਧੀ ਮੰਡੀਕਰਨ ਕਾਨੂੰਨ ਲਾਗੂ ਹੋਣ ਨਾਲ ਮਾਰਕੀਟ ਕਮੇਟੀਆਂ ਦੀ ਆਮਦਨ ’ਚ ਗਿਰਾਵਟ ਆਈ ਹੈ। ਦੂਜੇ ਪਾਸੇ, ਬਿਹਾਰ ਸਰਕਾਰ ਆਪਣੇ ਸੂਬੇ ’ਚ ਏਪੀਐੱਮਸੀ ਕਾਨੂੰਨ ਮੁੜ ਲਾਗੂ ਕਰ ਕੇ ਫ਼ਸਲਾਂ ਦਾ ਸਰਕਾਰੀ ਮੰਡੀਕਰਨ ਮੁੜ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ’ਚ ਸਿਆਸੀ ਲੀਡਰਾਂ ਦੇ ਆਉਣ ’ਤੇ ਵਿਰੋਧ ਦੀ ਪੂਰੀ ਤਿਆਰੀ ਹੈ। ਇਸ ਸਮੇਂ ਜਗਤਾਰ ਸਿੰਘ ਦੇਹੜਕਾ, ਨਿਰਮਲਜੀਤ ਸਿੰਘ ਰੂਮੀ, ਮਦਨ ਸਿੰਘ ਆਦਿ ਆਗੂ ਹਾਜ਼ਰ ਸਨ।
ਚੌਕੀਮਾਨ ਟੌਲ ਪਲਾਜ਼ੇ ’ਤੇ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ’ਤੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਵੋਟਾਂ ਹਾਸਲ ਕਰਨ ਲਈ ਲੋਕਾਂ ਨੂੰ ਵਰਤਣ ਵਾਲੀਆਂ ਸਿਆਸੀ ਧਿਰਾਂ ਤੋਂ ਲੋਕ ਹੋ ਚੌਕਸ ਹੋ ਗਏ ਹਨ। ਇਸੇ ਲਈ ਥਾਂ-ਥਾਂ ਸਿਆਸੀ ਨੇਤਾਵਾਂ ਨੂੰ ਘੇਰ ਕੇ ਲੋਕ ਤਰਕ ਨਾਲ ਸਵਾਲ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਉਹ ਸਮਾਂ ਹੁਣ ਬੀਤ ਗਿਆ ਹੈ ਜਦੋਂ ਚੋਣ ਮਨੋਰਥ ਪੱਤਰਾਂ ’ਚ ਕੀਤੇ ਵਾਅਦਿਆਂ ਸਹਾਰੇ ਸੱਤਾ ਹਾਸਲ ਕਰ ਕੇ ਲੋਕਾਂ ਨੂੰ ਵਿਸਾਰ ਦਿੱਤਾ ਜਾਂਦਾ ਸੀ।
ਇਸ ਮੌਕੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਪੇਂਡੂ ਮਜ਼ਦੂਰ ਯੂਨੀਅਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨੇ ’ਚ ਵੱਡੀ ਗਿਣਤੀ ਕਿਸਾਨਾਂ-ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਗੰਨੇ ਦੇ ਭਾਅ ’ਚ ਵਾਧੇ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਦਾ ਐਲਾਨ ਕਰਦਿਆਂ ਇਸ ਸਬੰਧੀ ਦਿੱਤੇ ਜਾਣ ਵਾਲੇ ਪ੍ਰੋਗਰਾਮ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਭਰੋਸਾ ਦਿੱਤਾ ਗਿਆ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਜਨਵਾਦੀ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ ਨੇ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਰਪੋਰੇਟ ਘਰਾਣੇ ਦੇਸ਼ ਦੀ ਪੂੰਜੀ ਵੀ ਲੁੱਟ ਰਹੇ ਹਨ, ਉੱਥੇ ਇਹ ਔਰਤਾਂ ਨੂੰ ਇਕ ਵਸਤੂ ਵਾਂਗ ਵਰਤ ਕੇ ਉਨ੍ਹਾਂ ਦੀ ਆਰਥਿਕ ਅਤੇ ਸਰੀਰਕ ਲੁੱਟ ਵੀ ਕਰ ਰਹੇ ਹਨ। ਉਨ੍ਹਾਂ ਬੀਬੀਆਂ ਨੂੰ ਸੁਚੇਤ ਕਰਦਿਆਂ ਕਾਰਪੋਰੇਟ ਘਰਾਣਿਆਂ ਦੀ ਲੁੱਟ ਵਿਰੁੱਧ ਇੱਕਜੁਟ ਹੋ ਕੇ ਲੜਨ ਦਾ ਸੱਦਾ ਦਿੱਤਾ। ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਵੱਲੋਂ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਲੜੀਵਾਰ ਧਰਨੇ ਦੀ ਅਗਵਾਈ ਮਹਿੰਦਰ ਕੌਰ, ਅਮਨਦੀਪ ਕੌਰ ਅਤੇ ਰਜਿੰਦਰ ਕੌਰ ਨੇ ਕੀਤੀ।
ਭਾਰਤੀ ਕਿਸਾਨ ਯੂਨੀਅਨ ਵੱਲੋਂ ਗੰਨਾ ਸੰਘਰਸ਼ ਦੀ ਹਮਾਇਤ
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਇੱਥੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪਿਛਲੇ ਗੰਨੇ ਦੀਆਂ ਕੀਮਤਾਂ ਅਤੇ ਬਕਾਇਆ ਰਕਮ ਲੈ ਕੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੁਦਾਗਰ ਸਿੰਘ ਘੁਡਾਣੀ, ਬਲਵੰਤ ਸਿੰਘ, ਪਰਮਵੀਰ ਸਿੰਘ ਅਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਬਾਰਡਰਾਂ ’ਤੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ, ਉੱਥੇ ਪੰਜਾਬ ਵਿਚ ਵੀ ਸਰਕਾਰ ਖ਼ਿਲਾਫ਼ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਚਲਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਐਮਐਸਪੀ ਜਾਰੀ ਹੈ ਅਤੇ ਜਾਰੀ ਰਹੇਗਾ ਤਾਂ ਫਿਰ ਗੰਨੇ ਦਾ ਐਮਐਸਪੀ ਕਿਉਂ ਨਹੀਂ ਬੰਨ੍ਹਿਆ ਜਾਂਦਾ। ਉਨ੍ਹਾਂ ਕਿਹਾ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਅਪਣਾ ਕੇ ਕਿਸਾਨਾਂ ਨੂੰ ਖੁਆਰ ਕਰ ਰਹੀਆਂ ਹਨ।