ਡੀਪੀਐੱਸ ਬੱਤਰਾ
ਸਮਰਾਲਾ, 9 ਨਵੰਬਰ
ਅੱਜ ਸਵੇਰੇ ਕਰੀਬ 6 ਵਜੇ ਹੋਏ ਸੜਕ ਹਾਦਸੇ ਵਿਚ ਐਕਟਿਵਾ ਸਵਾਰ ਦੋ ਲੜਕੀਆਂ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ 19 ਸਾਲਾ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਗੰਭੀਰ ਹੈ। ਹਾਦਸੇ ਵਿਚ ਮਰਨ ਵਾਲੀ ਕੁੜੀ ਨਵਦੀਪ ਕੌਰ ਨੇੜਲੇ ਪਿੰਡ ਮਾਦਪੁਰ ਦੇ ਸਾਬਕਾ ਸਰਪੰਚ ਦੀ ਪੋਤੀ ਸੀ ਅਤੇ ਕੁਝ ਦਿਨ ਬਾਅਦ ਉਹ ਕੈਨੇਡਾ ਜਾਣ ਵਾਲੀ ਸੀ। ਹਾਦਸਾ ਸਮਰਾਲਾ ਦੇ ਲੁਧਿਆਣਾ ਰੋਡ ’ਤੇ ਕਮਲ ਪੈਟਰੋਲ ਪੰਪ ਅੱਗੇ ਪਾਸੇ ਦੀ ਸੜਕ ਪੁੱਟੀ ਹੋਣ ਕਾਰਨ ਹੋਇਆ ਅਤੇ ਸਮਰਾਲਾ ਤੋਂ ਲੁਧਿਆਣਾ ਜਾ ਰਹੀ ਬੱਸ ਨੇ ਸਕੂਟਰੀ ਸਵਾਰ ਕੁੜੀਆਂ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿਚ ਗੰਭੀਰ ਜ਼ਖ਼ਮੀ ਕੁੜੀ ਦੀ ਪਛਾਣ ਪਿੰਡ ਹੈੱਡੋਂ ਵਾਸੀ ਨਿਸ਼ਾ ਵਜੋਂ ਹੋਈ ਹੈ। ਹਾਦਸੇ ਵੇਲੇ ਇਹ ਦੋਵੇਂ ਸਹੇਲੀਆਂ ਬਿਊਟੀਸ਼ਨ ਦੀ ਕਲਾਸ ਲਗਾਉਣ ਸਮਰਾਲਾ ਜਾ ਰਹੀਆਂ ਸਨ।