ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਅਪਰੈਲ
ਸ਼ਹਿਰ ਦੇ ਅਗਵਾੜ ਲੋਪੋਂ (ਕੋਠੇ ਹਰੀ ਸਿੰਘ) ਦੀ ਸੰਘਣੀ ਵੱਸੋਂ ਵਾਲੇ ਖੇਤਰ ਦੇ ਵਿਚਕਾਰ ਦੀ ਸੇਮ ਨਾਲਾ ਲੰਘਦਾ ਹੈ। ਇਸ ਨਾਲੇ ’ਚ ਖੜ੍ਹੇ ਗੰਦੇ ਪਾਣੀ ਕਾਰਨ ਦੂਰ-ਦੂਰ ਤੱਕ ਬਦਬੂ ਮਾਰ ਰਹੀ ਹੈ। ਲੋਕਾਂ ਨੇ ਦੱਸਿਆ ਕਿ ਆਲੇ ਦੁਆਲੇ ਦੇ ਨਲਕਿਆਂ ਦਾ ਪਾਣੀ ਵੀ ਪੀਣ ਦੇ ਯੋਗ ਨਹੀਂ ਰਿਹਾ। ਸਥਾਨਕ ਲੋਕਾਂ ਨੂੰ ਚਮੜੀ, ਪੇਟ, ਬੁਖਾਰ, ਡੇਂਗੂ ਸਣੇ ਹੋਰ ਬਿਮਾਰੀਆਂ ਘੇਰ ਰਹੀਆਂ ਹਨ।
ਪਿੰਡ ਦੇ ਸਰਪੰਚ ਮਨਜੀਤ ਕੌਰ, ਸਾਬਕਾ ਸਰਪੰਚ ਸੁਰਜੀਤ ਸਿੰਘ ਅਤੇ ਸਮਾਜ ਸੇਵੀ ਕਰਤਾਰ ਸਿੰਘ ਨੇ ਦੱਸਿਆ ਕਿ ਇਸ ਗੰਦੇ ਨਾਲੇ ਦਾ ਰੂਪ ਧਾਰ ਚੁੱਕੀ ਸੇਮ ਤੋਂ ਨਿਜ਼ਾਤ ਪਾਉਣ ਲਈ ਉਨ੍ਹਾਂ ਨੇ ਕਈ ਵਾਰ ਇਲਾਕੇ ਦੇ ਰਾਜਨੀਤਿਕ ਆਗੂਆਂ, ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਤੇ ਅਪੀਲ ਕੀਤੀ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਸੇਮ (ਡਰੇਨ ਵਿਭਾਗ) ਦੀ ਅਣਗਹਿਲੀ ਸਬੰਧੀ ਆਖਿਆ ਕਿ ਪਿਛਲੇ ਕਈ ਵਰ੍ਹਿਆਂ ਤੋਂ ਇਸ ਦੀ ਸਫ਼ਾਈ ਵੀ ਨਹੀਂ ਹੋਈ। ਵਿਭਾਗ ਦੀ ਅਣਦੇਖੀ ਕਾਰਨ ਕਈ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਦਾ ਗੰਦਾ ਪਾਣੀ ਬਿਨਾ ਮਨਜ਼ੂਰੀ ਤੋਂ ਇਸ ਵਿਚ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਬਣਾਏ ਸੇਮ ਨਾਲੇ ਹੀ ਲੋਕਾਂ ਲਈ ਆਫ਼ਤ ਬਣ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਸੇਮ ਨਾਲੇ ਦੀ ਦਸ਼ਾ ਸੁਧਾਰੀ ਜਾਵੇ। ਜੇ ਪ੍ਰਸ਼ਾਸਨ ਜਾਂ ਸਬੰਧਤ ਅਦਾਰਾ ਸੰਘਣੀ ਵੱਸੋਂ ਵਾਲੇ ਖੇਤਰ ’ਚ ਪਾਈਪਾਂ ਪਾ ਕੇ ਸੇਮ ਨਾਲੇ ਨੂੰ ਪੂਰ ਦੇਵੇ ਤੇ ਇਸ ਨੂੰ ਸੁੰਦਰ ਦਿੱਖ ਦੇਣ ਲਈ ਬੂਟੇ ਵਗੈਰਾ ਲਗਵਾਏ ਤਾਂ ਨਗਰ ਉਨ੍ਹਾਂ ਦਾ ਪੂਰਾ ਹਰ ਪੱਖੋਂ ਸਹਿਯੋਗ ਕਰੇਗਾ।
ਉਨ੍ਹਾਂ ਕਿਹਾ ਕਿ ਗਰਮੀਆਂ ਦੇ ਦਿਨਾਂ ਵਿਚ ਨਾਲੇ ਵਿਚੋਂ ਨਿਕਲ ਕੇ ਕੀੜੇ ਲੋਕਾਂ ਦੇ ਘਰਾਂ ਵਿਚ ਚਲੇ ਜਾਂਦੇ ਹਨ।