ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਅਕਤੂਬਰ
ਗਿਆਨ ਅੰਜਨ ਅਕਾਡਮੀ ਵੱਲੋਂ ਸੁਰਜੀਤ ਸਿੰਘ ਸਾਜਨ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਵੱਲੋਂ ਸੰਪਾਦਿਤ ਪੁਸਤਕ ,‘ਜੈ ਜੈ ਸੁਰਲੋਕ’ ਅਕੈਡਮੀ ਦੀ ਪ੍ਰਧਾਨ ਡਾ. ਕੁਲਵਿੰਦਰ ਕੌਰ ਮਿਨਹਾਸ, ਸਾਜਨ ਦੀ ਧੀ ਮਨਪ੍ਰੀਤ ਕੌਰ, ਉਨ੍ਹਾਂ ਦੇ ਜਵਾਈ ਦਵਿੰਦਰ ਸਿੰਘ, ਰਜਨਦੀਪ ਕੌਰ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਿਲ ਕੇ ਰਿਲੀਜ਼ ਕੀਤੀ ਗਈ। ਡਾ. ਮਿਨਹਾਸ ਨੇ ਦੱਸਿਆ ਕਿ ਸੁਰਜੀਤ ਸਿੰਘ ਸਾਜਨ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਜਦੋਂ ਵਿਦੇਸ਼ ਤੋਂ ਆਏਗੀ ਤਾਂ ਉਹ ਇਹ ਪੁਸਤਕ ਰਿਲੀਜ਼ ਕਰੇਗੀ ਪਰ ਉਹ ਆਪਣੀ ਧੀ ਦੇ ਆਉਣ ਤੋਂ ਸਿਰਫ਼ ਚਾਰ ਦਿਨ ਪਹਿਲਾਂ ਹੀ ਇਸ ਫ਼ਾਨੀ ਸੰਸਾਰ ਤੋਂ ਅਚਾਨਕ ਕੂਚ ਕਰ ਗਏ। ਡਾ.ਮਿਨਹਾਸ ਨੇ ਦੱਸਿਆ ਕਿ 238 ਪੰਨਿਆਂ ਦੀ ਇਸ ਪੁਸਤਕ ਵਿੱਚ 59 ਕਵੀਆਂ ਦੀਆਂ ਗੁਰੂ ਤੇਗ ਬਹਾਦਰ ਬਾਰੇ ਲਿਖੀਆਂ ਗਈਆਂ ਕਵਿਤਾਵਾਂ ਹਨ ਜਿਨ੍ਹਾਂ ਨੂੰ ਸੰਪਾਦਿਤ ਕਰਕੇ ਸੁਰਜੀਤ ਸਿੰਘ ਸਾਜਨ ਨੇ ਪੁਸਤਕ ਦਾ ਰੂਪ ਦੇ ਕੇ ਸ਼ਲਾਘਾਯੋਗ ਕਾਰਜ ਕੀਤਾ। ਉਨ੍ਹਾਂ ਦੀ ਧੀ ਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਪੁਸਤਕ ਦੇ ਸੰਪਾਦਕ ਭਾਵੇਂ ਸਰੀਰਕ ਰੂਪ ਵਿੱਚ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਆਪਣੀਆਂ ਲਿਖੀਆਂ ਪੁਸਤਕਾਂ ਸਦਕਾ ਉਨ੍ਹਾਂ ਦੀ ਹੋਂਦ ਸਦਾ ਬਰਕਰਾਰ ਰਹੇਗੀ। ਇਸ ਮੌਕੇ ਦਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।