ਸੰਤੋਖ ਗਿੱਲ
ਗੁਰੂਸਰ ਸੁਧਾਰ, 6 ਮਾਰਚ
ਸਾਹਿਤ ਸਭਾ ਪੱਖੋਵਾਲ ਵੱਲੋਂ ਪਿੰਡ ਜੁੜਾਹਾਂ ਵਿਚ ਕਰਵਾਏ ਸਾਹਿਤਕ ਸਮਾਗਮ ਦੌਰਾਨ ਮਾਸਟਰ ਹਰੀਸ਼ ਮੋਦਗਿੱਲ ਨੇ ਮਰਹੂਮ ਡਾਕਟਰ ਜਸਵੰਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਵਿਚ ਲਾਇਬ੍ਰੇਰੀ ਮੁਹਿੰਮ ਦੀ ਸ਼ੁਰੂਆਤ ਉਨ੍ਹਾਂ ਇਕ ਚਲਦੀ-ਫਿਰਦੀ ਬੱਸ-ਲਾਇਬ੍ਰੇਰੀ ਨਾਲ 2003 ਵਿਚ ਕੀਤੀ ਸੀ। ਬਾਅਦ ਵਿਚ ਉਨ੍ਹਾਂ ਪਰਵਾਸੀ ਪੰਜਾਬੀਆਂ ਦੀ ਸਹਾਇਤਾ ਨਾਲ 2010 ਵਿਚ ਸ਼ਾਨਦਾਰ ਲਾਇਬ੍ਰੇਰੀ ਪਿੰਡ ਵਿਚ ਸਥਾਪਿਤ ਕੀਤੀ। ਡਾਕਟਰ ਜਸਵੰਤ ਸਿੰਘ ਨੇ ਲਾਇਬ੍ਰੇਰੀ ਮੁਹਿੰਮ ਨੂੰ ਹੋਰ ਅੱਗੇ ਤੋਰਦਿਆਂ ਕਈ ਪਿੰਡਾਂ ਵਿਚ ਲਾਇਬ੍ਰੇਰੀਆਂ ਸਥਾਪਿਤ ਕਰਨ ਲਈ ਪ੍ਰੇਰਿਆ ਅਤੇ ਪੰਜਾਬ ਵਿਚ ਲਾਇਬ੍ਰੇਰੀ ਕਾਨੂੰਨ ਬਣਾਉਣ ਲਈ ਭਰਵੇਂ ਯਤਨ ਕੀਤੇ।
ਸਾਹਿਤ ਸਭਾ ਪੱਖੋਵਾਲ ਵੱਲੋਂ ਸਾਹਿਤਕ ਸਮਾਗਮ ਦੌਰਾਨ ਦਰਸ਼ਨ ਬੋਪਾਰਾਏ ਦੀਆਂ ਦੋ ਕਿਤਾਬਾਂ, ਕਾਵਿ-ਸੰਗ੍ਰਹਿ ‘ਧੁੱਪਾਂ ’ਚ ਤਪੇ ਰੰਗ’ ਅਤੇ ਸੰਪਾਦਿਤ ਪੁਸਤਕ ‘ਕੌਣ ਸਾਹਿਬ ਨੂੰ ਆਖੇ’ ਦਾ ਲੋਕ-ਅਰਪਣ ਕੀਤਾ ਗਿਆ। ਕਵੀ ਭਗਵਾਨ ਢਿੱਲੋਂ ਨੇ ਪੜਚੋਲਵੀਂ ਨਜ਼ਰ ਨਾਲ ਇਨ੍ਹਾਂ ਪੁਸਤਕਾਂ ਬਾਰੇ ਆਪਣਾ ਪੇਪਰ ਪੜ੍ਹਿਆ। ਦਰਸ਼ਨ ਬੋਪਾਰਾਏ ਦੀ ਕਾਵਿ-ਸ਼ੈਲੀ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਾਇਰ ਦੇ ਜੀਵਨ ਸੰਘਰਸ਼ ਨਾਲ ਨਿਭਣ ਦੀ, ਇਨ੍ਹਾਂ ਕਿਤਾਬਾਂ ਦੇ ਅੱਖਰ, ਹਾਮੀ ਭਰਦੇ ਹਨ। ਇਸ ਕਿਤਾਬ ਵਿੱਚ ਸਮਾਜਿਕ ਸਰੋਕਾਰਾਂ ਦਾ ਇੱਕ ਕੋਲਾਜ਼ ਹੈ। ਬਲਰਾਜ ਹਲਵਾਰਾ ਨੇ ਵੀ ਇਨ੍ਹਾਂ ਕਿਤਾਬਾਂ ਬਾਰੇ ਆਪਣੇ ਵਿਚਾਰ ਪ੍ਰਗਟਾਏ ਅਤੇ ਸਮਾਗਮ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ। ਇਸ ਵਿੱਚ ਭਗਵਾਨ ਢਿੱਲੋਂ, ਦਰਸ਼ਨ ਬੋਪਾਰਾਏ, ਜਸਵੀਰ ਸਿੱਧੂ, ਬਲਰਾਜ ਹਲਵਾਰਾ ਸਮੇਤ ਹੋਰ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ। ਇਸ ਮੌਕੇ ਮਰਹੂਮ ਡਾਕਟਰ ਜਸਵੰਤ ਸਿੰਘ ਦੇ ਛੋਟੇ ਭਰਾ ਅਤੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਚਰਨ ਸਿੰਘ ਯੂਐਸਏ ਨੇ ਮਰਹੂਮ ਭਰਾ ਦੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ, ਉਨ੍ਹਾਂ ਪਤਵੰਤੇ ਸੱਜਣਾਂ ਅਤੇ ਸਰੋਤਿਆਂ ਦਾ ਧੰਨਵਾਦ ਵੀ ਕੀਤਾ।