ਗਗਨ ਅਰੋੜਾ
ਲੁਧਿਆਣਾ, 30 ਜੂਨ
ਨਗਰ ਨਿਗਮ ਵੱਲੋਂ ਸਨਅਤੀ ਸ਼ਹਿਰ ਵਿਚ ਪਾਲਤੂ ਜਾਨਵਰ ਕੁੱਤਾ ਤੇ ਬਿੱਲੀ ’ਤੇ ਲਗਾਏ ਗਏ ਟੈਕਸ ਦਾ ਵਿਰੋਧ ਕਰਨ ਲਈ ਮੰਗਲਵਾਰ ਨੂੰ ਸਮਾਜ ਸੇਵੀ ਕੁਮਾਰ ਗੌਰਵ ਇੱਕ ਵਾਰ ਫਿਰ ਸੱਚਾ ਯਾਦਵ ਬਣ ਕੇ ਨਗਰ ਨਿਗਮ ਦਫ਼ਤਰ ਜ਼ੋਨ-ਏ ਦੇ ਬਾਹਰ ਪੁੱਜਿਆ, ਜਿੱਥੇ ਉਸ ਨੇ ਵੱਖਰੇ ਅੰਦਾਜ਼ ’ਚ ਪ੍ਰਦਰਸ਼ਨ ਕੀਤਾ। ਸੱਚਾ ਯਾਦਵ ਨੇ ਵੈਂਟੀਲੇਟਰ ’ਤੇ ਪੈ ਕੇ ਟੈਕਸਾਂ ਖਿਲਾਫ਼ ਪ੍ਰਦਰਸ਼ਨ ਕੀਤਾ। ਉਸ ਨੇ ਸਾਫ਼ ਕੀਤਾ ਕਿ ਹਰ ਵਿਅਕਤੀ ਨੂੰ ਟੈਕਸ ਜ਼ਰੂਰ ਦੇਣਾ ਚਾਹੀਦਾ ਹੈ, ਕਿਉਂਕਿ ਦੇਸ਼ ਹੋਵੇ ਜਾਂ ਸ਼ਹਿਰ, ਉਸ ਦਾ ਵਿਕਾਸ ਟੈਕਸ ਦੀ ਰਾਸ਼ੀ ਨਾਲ ਹੁੰਦਾ ਹੈ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਟੈਕਸ ਲੈਣ ਤੋਂ ਬਾਅਦ ਉਹ ਸਾਰੀਆਂ ਸਹੂਲਤਾਂ ਵੀ ਦੇਵੇ।
ਪ੍ਰਦਰਸ਼ਨ ਦੌਰਾਨ ਸੱਚਾ ਯਾਦਵ ਨੇ ਕਿਹਾ ਕਿ ਬੀਤੇ ਕਈ ਦਿਨ ਤੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਭਾਅ ’ਚ ਵਾਧਾ ਹੋ ਰਿਹਾ ਹੈ। ਇਸ ਦਾ ਸਿੱਧਾ ਬੋਝ ਆਮ ਜਨਤਾ ’ਤੇ ਪੈ ਰਿਹਾ ਹੈ। ਪਰ ਕੇਂਦਰ ਸਰਕਾਰ ਇਸ ਮਾਮਲੇ ’ਚ ਕੁਝ ਨਹੀਂ ਕਰ ਰਹੀ। ਉਧਰ ਹੁਣ ਨਗਰ ਨਿਗਮ ਨੇ ਸ਼ਹਿਰ ਵਾਸੀਆਂ ’ਤੇ ਕੁੱਤਾ ਬਿੱਲੀ ਟੈਕਸ ਲਾ ਦਿੱਤਾ ਹੈ। ਇਸ ਨਾਲ ਪਹਿਲਾਂ ਗਊ ਟੈਕਸ ’ਤੇ ਹਰ ਕੋਈ ਵਿਅਕਤੀ ਦੇ ਰਿਹਾ ਹੈ, ਪਰ ਸ਼ਹਿਰ ’ਚ ਬੇਸਹਾਰਾ ਜਾਨਵਰ ਅੱਜ ਵੀ ਸੜਕਾਂ ’ਤੇ ਘੁੰਮ ਰਹੇ ਹਨ।
ਜੇ ਵਿਕਾਸ ਦੀ ਗੱਲ ਕਰੀਏ ਤਾਂ ਸ਼ਹਿਰ ਦਾ ਇੱਕ ਹੀ ਹਲਕਾ ਸਮਾਰਟ ਬਣ ਰਿਹਾ ਹੈ, ਜਦੋਂ ਕਿ ਲੁਧਿਆਣਾ ਨੂੰ ਮਾਨਚੈਸਟਰ ਦਾ ਖਿਤਾਬ ਦਵਾਉਣ ’ਚ ਪੁਰਾਣੇ ਸ਼ਹਿਰ ਦਾ ਵੱਡਾ ਯੋਗਦਾਨ ਹੈ, ਪਰ ਇਸ ਦੇ ਹਾਲਾਤ ’ਚ ਹਾਲੇ ਤੱਕ ਕੋਈ ਸੁਧਾਰ ਨਹੀਂ ਹੋਇਆ ਹੈ। ਅੱਜ ਵੀ ਮੀਂਹ ਦੌਰਾਨ ਪੁਰਾਣਾ ਸ਼ਹਿਰ ਪਾਣੀ ’ਚ ਡੁੱਬ ਜਾਂਦਾ ਹੈ। ਹਾਲੇ ਤੱਕ ਇਸ ਇਲਾਕੇ ਦੇ ਬਾਰੇ ’ਚ ਕਿਸੇ ਨੇ ਕੁਝ ਨਹੀਂ ਕੀਤਾ। ਅੰਮ੍ਰਿਤਸਰ ਦੀ ਤਰਜ ’ਤੇ ਇਸ ਪੁਰਾਣੇ ਸ਼ਹਿਰ ਨੂੰ ਵੀ ਹੈਰੀਟੇਜ ਬਣਾਉਣ ਦੀ ਲੋੜ ਹੈ।