ਪੱਤਰ ਪ੍ਰੇਰਕ
ਸਮਰਾਲਾ, 12 ਮਈ
ਉੱਘੇ ਅਫਸਾਨਾਨਿਗਾਰ ਸਆਦਤ ਹਸਨ ਮੰਟੋ ਦਾ ਜਨਮ ਦਿਨ ਲੇਖਕ ਮੰਚ ਸਮਰਾਲਾ ਵੱਲੋਂ ਮਨਾਇਆ ਗਿਆ। ਮੰਚ ਦੇ ਜਨਰਲ ਸਕੱਤਰ ਸੁਰਜੀਤ ਵਿਸ਼ਦ ਨੇ ਸਭ ਤੋਂ ਪਹਿਲਾਂ ਕਰੋਨਾ ਦੌਰ ਦੌਰਾਨ ਵਿਛੜੇ ਪ੍ਰਿੰਸੀਪਲ ਤਰਸੇਮ ਬਾਹੀਆ, ਵਿੱਕੀ ਭੱਟੀ ਤੋਂ ਇਲਾਵਾ ਬਾਬੂ ਸਿੰਘ ਚੌਹਾਨ, ਮਹਿੰਦਰ ਮਾਨੂੰਪੁਰੀ, ਸੁਖਦੇਵ ਮਾਦਪੁਰੀ, ਅਮਰਜੀਤ ਸੋਮਲ ਸਮੇਤ ਸਾਰੇ ਹੀ ਸਿਰਜਕਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਮੰਟੋ ਦੀ ਤਸਵੀਰ ’ਤੇ ਫੁੱਲ ਭੇਟ ਕਰ ਕੇ ਮੰਟੋ ਦੇ 109ਵੇਂ ਜਨਮ ਦਿਵਸ ਦੀ ਵਧਾਈ ਵੀ ਸਾਂਝੀ ਕੀਤੀ। ਹਾਜ਼ਰ ਸਾਹਿਤਕਾਰਾਂ ਨੂੰ ਜੀ ਆਇਆਂ ਕਹਿੰਦਿਆਂ ਮੰਚ ਦੇ ਪ੍ਰਧਾਨ ਮਾ. ਤਰਲੋਚਨ ਸਿੰਘ ਨੇ ਮੰਟੋ ਦੀ ਸਾਹਿਤ ਪ੍ਰਤੀ ਇਤਿਹਾਸਕ ਦੇਣ ਨੂੰ ਸਿਜਦਾ ਕੀਤਾ। ਉਨ੍ਹਾਂ ਕਿਹਾ ਕਿ ਮੰਟੋ ਤਾਂ ਸੰਸਾਰ ਦਾ ਸਭ ਤੋਂ ਵੱਡਾ ਸੰਵੇਦਨਸ਼ੀਲ ਲੇਖਕ ਹੈ। ਲੇਖਕ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਸਭ ਤੋਂ ਪਹਿਲਾਂ ਬੋਲਦਿਆਂ ‘ਮੰਟੋ ਤੋਂ ਅੱਜ ਤੱਕ: ਸਾਡੀ ਸਾਹਿਤਕ ਵਿਰਾਸਤ’ ਵਿਸ਼ੇ ’ਤੇ ਅਪਣਾ ਖੋਜ-ਪੱਤਰ ਪੜ੍ਹਦਿਆਂ ਇਸ ਜਰਖੇਜ਼ ਧਰਤੀ ਦੇ ਮਾਣਮੱਤੇ ਸਾਹਿਤ ਸਿਰਜਕਾਂ ਦੀ ਹਾਜ਼ਰੀਨ ਨਾਲ ਸਾਂਝ ਪੁਆਈ ਮਾਸਟਰ ਤਰਲੋਚਨ ਸਿੰਘ ਸਮਰਾਲਾ ਨੇ ਮੰਟੋ ਦੇ ਸਵੈ ਜੀਵਨੀ ਮੂਲਕ ਆਰਟੀਕਲ ਨੂੰ ਆਧਾਰ ਬਣਾ ਕੇ ‘ਸਆਦਤ ਹਸਨ ਬਨਾਮ ਮੰਟੋ’ ਵਿਸ਼ੇ ’ਤੇ ਅਜੋਕੀ ਸਾਹਿਤਕ ਦਸ਼ਾ ਦੇ ਸੰਦਰਭ ਵਿੱਚ ਭਾਵਪੂਰਤ ਸੰਵਾਦ ਰਚਾਇਆ। ਇਸ ਮਗਰੋਂ ਮੰਟੋ ਦੇ ਜਨਮ ਦਿਵਸ ਲਈ ਤਿਆਰ ਕਰਵਾਇਆ ਵਿਸ਼ੇਸ਼ ਕੇਕ ਵੀ ਕੱਟਿਆ ਗਿਆ। ਬਾਅਦ ਵਿੱਚ ਤਿੰਨ ਸਾਹਿਤਕ ਗੀਤ ਕ੍ਰਮਵਾਰ ਕੇਵਲ ਕੁੱਲੇਵਾਲੀਆ, ਹਰਬੰਸ ਮਾਲਵਾ ਤੇ ਬਲਵੰਤ ਮਾਂਗਟ ਨੇ ਸਟੇਜ ਤੋਂ ਪੇਸ਼ ਕੀਤੇ, ਜਿਨ੍ਹਾਂ ਨੂੰ ਭਰਪੂਰ ਦਾਦ ਮਿਲੀ। ਮੰਟੋ ਦੇ ਸਮਕਾਲੀ ਤੇ ਮਿੱਤਰ ਰਾਜਿੰਦਰ ਸਿੰਘ ਬੇਦੀ ਦੀ 80 ਸਾਲ ਪਹਿਲਾਂ ਪਲੇਗ ਮਹਾਂਮਾਰੀ ਦੇ ਸੰਦਰਭ ਵਿੱਚ ਲਿਖੀ ਕਹਾਣੀ ‘ਕੁਆਰੰਟਾਈਨ’ ਨੂੰ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ ਹੁਰਾਂ ਬਹੁਤ ਭਾਵੁਕ ਅੰਦਾਜ ਵਿੱਚ ਪੇਸ਼ ਕੀਤੀ। ਸਮਾਗਮ ਦੇ ਅੰਤ ’ਤੇ ਪ੍ਰਧਾਨਗੀ ਸੰਬੋਧਨ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨੁਮਾਇੰਦੇ ਜਸਵੀਰ ਝੱਜ ਨੇ ਮੰਟੋ ਦੀ ਸਾਹਿਤਕ ਪਰੰਪਰਾ ਜਾਰੀ ਰੱਖਣ ਲਈ ਤੇ ਇਸ ਖੂਬਸੂਰਤ ਇਕੱਤਰਤਾ ਅਤੇ ਪੇਸ਼ਕਾਰੀਆਂ ਲਈ ਮੰਚ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਨਾਟਕਕਾਰ ਰਾਜਵਿੰਦਰ ਸਮਰਾਲਾ, ਅਵਤਾਰ ਸਿੰਘ ਓਟਾਲ, ਆਜਾਦ ਵਿਸ਼ਮਾਦ, ਕਰਮਜੀਤ ਬਾਸੀ ਪ੍ਰੈਸ ਸਕੱਤਰ, ਰਾਜਦੀਪ ਦਿੱਗਪਾਲ, ਅਬਦੁਲ, ਸੂਰੀਆ ਕਾਂਤ ਵਰਮਾ ਤੋਂ ਇਲਾਵਾ ਹੋਰ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ।