ਪੱਤਰ ਪ੍ਰੇਰਕ
ਮਾਛੀਵਾੜਾ, 6 ਮਾਰਚ
ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਕਾਰਨ ਜਿੱਥੇ ਕਈ ਜ਼ਰੂਰੀ ਵਸਤਾਂ ਮਹਿੰਗੀਆਂ ਹੋਣ ਲੱਗੀਆਂ, ਉੱਥੇ ਕੋਲੇ ਦੇ ਭਾਅ ਵਿਚ ਹੋਏ ਵਾਧੇ ਨਾਲ ਭੱਠਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ। ਭੱਠਾ ਐਸੋਸੀਏਸ਼ਨ ਦੇ ਸੂਬਾ ਉਪ ਪ੍ਰਧਾਨ ਹਰਜੀਤ ਸਿੰਘ ਲਾਡੀ ਕਟਾਣੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਹਫ਼ਤਾ ਪਹਿਲਾਂ ਕੋਲੇ ਦਾ ਭਾਅ 18,000 ਰੁਪਏ ਪ੍ਰਤੀ ਟਨ ਜਿਸ ਨੂੰ ਯੂਕਰੇਨ ਜੰਗ ਦੀ ਓਟ ਹੇਠ 28,000 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਹੈ। ਇਸ ਕਾਰਨ ਭੱਠਾ ਕਾਰੋਬਾਰ ਹੁਣ ਘਾਟੇ ਵਾਲਾ ਸੌਦਾ ਸਾਬਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਟਾਂ ਜ਼ਰੂਰੀ ਵਸਤੂਆਂ ਵਿਚ ਸ਼ਾਮਲ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਇਸ ’ਚ ਵਰਤੇ ਜਾਣ ਵਾਲੇ ਕੱਚੇ ਮਾਲ ਪ੍ਰਤੀ ਕੋਈ ਚੰਗਾ ਰਵੱਈਆ ਨਹੀਂ ਅਪਣਾ ਰਹੀ ਜਿਸ ਕਾਰਨ ਇੱਟ ਦਾ ਭਾਅ ਮਜਬੂਰੀ ਵਿਚ ਉਨ੍ਹਾਂ ਨੂੰ ਵਧਾਉਣਾ ਪੈ ਰਿਹਾ ਹੈ ਜੋ ਕਿ ਆਮ ਲੋਕਾਂ ਦੀ ਖ਼ਰੀਦ ਤੋਂ ਬਾਹਰ ਹੋ ਜਾਵੇਗੀ। ਉਪ ਪ੍ਰਧਾਨ ਲਾਡੀ ਕਟਾਣੀ ਨੇ ਦੱਸਿਆ ਕਿ ਪਹਿਲੀ ਅਪਰੈਲ ਤੋਂ ਕੇਂਦਰ ਸਰਕਾਰ ਵੱਲੋਂ ਇੱਟਾਂ ਉੱਪਰ ਲੱਗਣ ਵਾਲਾ ਜੀਐੱਸਟੀ ’ਚ ਵਾਧਾ ਕਰ ਕੇ 12 ਪ੍ਰਤੀਸ਼ਤ ਕਰਨ ਨਾਲ ਇੱਟਾਂ ਦੇ ਭਾਅ ਵਿਚ ਹੋਰ ਵਾਧਾ ਹੋਵੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੋਲੇ ਦਾ ਕਾਰੋਬਾਰ ਦੇਸ਼ ਵਿਚ ਵੱਡੇ ਪੰਜ ਕਾਰਪੋਰੇਟ ਘਰਾਣਿਆਂ ਨੂੰ ਸੌਂਪਿਆ ਹੋਇਆ ਹੈ ਜੋ ਦੇਸ਼ ਦੀਆਂ ਖਾਣਾਂ ’ਚੋਂ ਕੋਲਾ ਦੇਣ ਦੀ ਬਜਾਇ ਕੌਮਾਂਤਰੀ ਮੰਡੀਆਂ ’ਚੋਂ ਖ਼ਰੀਦ ਕੇ ਵੱਡੇ ਮੁਨਾਫ਼ੇ ਨਾਲ ਦੇਸ਼ ਵਿਚ ਵੇਚ ਰਹੀਆਂ ਹਨ।