ਗਗਨਦੀਪ ਅਰੋੜਾ
ਲੁਧਿਆਣਾ, 10 ਜੂਨ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ’ਚ ਫੈਲੇ ਭ੍ਰਿਸ਼ਟਾਚਾਰ ਖ਼ਿਲਾਫ਼ ਅੱਜ ਇਕ ਆਰਟੀਆਈ ਕਾਰਕੁਨ ਰੋਹਿਤ ਸੱਭਰਵਾਲ ਨੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ। ਉਹ ਸਵੇਰੇ 9 ਵਜੇ ਸਰਾਭਾ ਨਗਰ ਸਥਿਤ ਜ਼ੋਨ ‘ਡੀ’ ਦੇ ਬਾਹਰ ਪੁੱਜਿਆ ਅਤੇ ਇੱਥੇ ਪੋਸਟਰ ਲਗਾ ਕੇ ਭੁੱਖ ਹੜਤਾਲ ’ਤੇ ਬੈਠ ਗਿਆ। ਬਾਅਦ ਦੁਪਹਿਰ 2.30 ਵਜੇ ਦੇ ਕਰੀਬ ਮੇਅਰ ਬਲਕਾਰ ਸਿੰਘ ਸੰਧੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਕੌਂਸਲਰ ਮਮਤਾ ਆਸ਼ੂ ਨੇ ਮੌਕੇ ’ਤੇ ਪੁੱਜ ਕੇ ਉਸ ਦੇ ਭੁੱਖ ਹੜਤਾਲ ਖ਼ਤਮ ਕਰਵਾਈ। ਉਸ ਨੇ ਦੱਸਿਆ ਕਿ ਉਸ ਨੇ ਆਪਣਾ ਮੰਗ ਪੱਤਰ ਨਗਰ ਨਿਗਮ ਦੀ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਤੇ ਮੇਅਰ ਨੂੰ ਦਿੱਤਾ ਹੈ। ਰੋਹਿਤ ਸੱਭਰਵਾਲ ਨੇ ਦੱਸਿਆ ਕਿ ਲੋਕ ਇਹ ਸੁਣ ਕੇ ਹੈਰਾਨ ਹੋ ਜਾਣਗੇ ਕਿ ਪਿਛਲੇ ਪੰਜ ਸਾਲਾਂ ਵਿਚ ਨਗਰ ਨਿਗਮ ਨੇ ਲੁਧਿਆਣਾ ਦੀਆਂ ਪ੍ਰਮੁੱਖ ਸੜਕਾਂ ਦੀ ਉਸਾਰੀ ਤੇ ਮੁਰੰਮਤ ਦੇ ਨਾਮ ’ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਹਨ ਪਰ ਸ਼ਹਿਰ ਦੀਆਂ ਇਨ੍ਹਾਂ ਸੜਕਾਂ ਦੀ ਹਾਲਤ ਦੇਖ ਕੇ ਇੰਝ ਲੱਗਦਾ ਹੈ ਕਿ ਕਦੇ ਇਨ੍ਹਾਂ ਦੀ ਮੁਰੰਮਤ ਹੀ ਨਹੀਂ ਹੋਈ। ਨਿਗਮ ਦੇ ਅਫ਼ਸਰ ਭੂ-ਮਾਫੀਆ ਨਾਲ ਮਿਲ ਕੇ ਜ਼ਮੀਨਾਂ ’ਤੇ ਕਬਜ਼ੇ ਕਰਵਾ ਰਹੇ ਹਨ। ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾ ਰਹੇ ਹਨ।