ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਨਵੰਬਰ
ਸਨਅਤੀ ਸ਼ਹਿਰ ਦੇ ਪੌਸ਼ ਇਲਾਕੇ ਸਰਾਭਾ ਨਗਰ ’ਚ ਸਥਿਤ ਨਗਰ ਨਿਗਮ ਜ਼ੋਨ-ਡੀ ਦੇ ਪਿੱਛੇ ਲਈਅਰ ਵੈਲੀ ਪਾਰਕ ’ਚ ਮਿਲੇ ਰਾਕੇਟ ਲਾਂਚਰ ਦਾ ਸ਼ੈੱਲ ਸ਼ੁੱਕਰਵਾਰ ਨੂੰ ਸਵੇਰੇ ਬੰਬ ਸਕੁਐਡ ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪੂਰੀ ਰਾਤ ਲਈਅਰ ਵੈਲੀ ਪਾਰਕ ਨੂੰ ਸੀਲ ਕੀਤਾ ਗਿਆ ਤੇ ਸ਼ੈੱਲ ਦੇ ਆਲੇ ਦੁਆਲੇ ਰੇਤਾ ਲਾਈ ਰੱਖੀ। ਸਵੇਰੇ ਸੈਰ ’ਤੇ ਆਉਣ ਵਾਲੇ ਲੋਕਾਂ ਨੂੰ ਵੀ ਪਾਰਕ ’ਚ ਨਹੀਂ ਜਾਣ ਦਿੱਤਾ ਗਿਆ। ਜਦੋਂ ਸਵੇਰੇ ਟੀਮ ਆਈ ਤਾਂ ਜ਼ਿਲ੍ਹਾ ਪੁਲੀਸ ਨੇ ਸ਼ੈੱਲ ਟੀਮ ਦੇ ਹਵਾਲੇ ਕਰ ਦਿੱਤਾ। ਉਸ ਤੋਂ ਬਾਅਦ ਲਈਅਰ ਵੈਲੀ ਦੇ ਦੋਹਾਂ ਪਾਰਕਾਂ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਟੀਮਾਂ ਵਾਪਸ ਗਈਆਂ।
ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਵੀਰਵਾਰ ਦੀ ਸ਼ਾਮ ਨੂੰ ਪਾਰਕ ’ਚ ਰਾਕੇਟ ਲਾਂਚਰ ਦੇ ਬੰਬ ਦਾ ਸ਼ੈਲ ਦੇਖ ਕੇ ਰਾਹਗੀਰਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਜਾਂਚ ਕੀਤੀ ਗਈ ਤੇ ਸ਼ੈੱਲ ਵਾਲੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਸਵੇਰ ਹੁੰਦੇ ਹੀ ਟੀਮ ਪੁੱਜੀ ਤਾਂ ਸਾਰੀ ਜਾਂਚ ਤੋਂ ਬਾਅਦ ਸ਼ੈਲ ਨੂੰ ਪੂਰੀ ਤਰ੍ਹਾਂ ਡਿਸਪੋਜ਼ ਕਰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਡਰਨ ਵਾਲੀ ਕੋਈ ਗੱਲ ਨਹੀਂ।
ਜ਼ਿਕਰਯੋਗ ਹੈ ਕਿ ਵੀਰਵਾਰ ਦੇਰ ਸ਼ਾਮ ਨੂੰ ਪਾਰਕ ’ਚ ਰਾਕੇਟ ਲਾਂਚਰ ਦੇ ਬੰਬ ਦਾ ਹਿੱਸਾ ਦੇਖ ਕੇ ਨਗਰ ਨਿਗਮ ਮੁਲਾਜ਼ਮਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਜਾਂਚ ਦੌਰਾਨ ਪਤਾ ਲੱਗਿਆ ਕਿ ਕਿਸੇ ਵਿਅਕਤੀ ਨੇ ਨਹਿਰ ’ਚੋਂ ਕੱਢ ਕੇ ਬੰਬ ਨੂੰ ਪਾਰਕ ’ਚ ਰੱਖਿਆ ਹੈ। ਇਹ ਬੰਬ ਕਬਾੜ ’ਚ ਆਇਆ ਲੱਗਦਾ ਹੈ।