ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 1 ਜੂਨ
ਪੁਲੀਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਤਾਂ ਮੁਹਿੰਮ ਆਰੰਭ ਦਿੱਤੀ ਹੈ ਪਰ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਲੜਕੀਆਂ ਦਾ ਇਕ ਗਰੋਹ ਸਰਗਰਮ ਹੈ ਜੋ ਕਿ ਸ਼ਰੇਆਮ ਬਜ਼ੁਰਗਾਂ, ਔਰਤਾਂ ਅਤੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਅਤੇ ਇਲਾਕੇ ਦੀ ਪੁਲੀਸ ਇਸ ਗੱਲੋਂ ਬੇਖਬਰ ਹੈ।
ਇਸ ਗਰੋਹ ਵੱਲੋਂ ਥਾਣਾ ਸਦਰ ਦੇ ਪਿੰਡ ਸਿੱਧਵਾਂ ਕਲਾਂ ਨੂੰ ਜਾਂਦੀ ਸੜਕ ਦੇ ਕਿਨਾਰੇ ਸਬਜ਼ੀ ਵੇਚਣ ਵਾਲਿਆਂ ਦੀ ਹਾਜ਼ਰੀ ’ਚ ਇਕ ਬਜ਼ੁਰਗ ਨੂੰ ਲੁੱਟਿਆ ਅਤੇ ਕੁੱਟਿਆ ਗਿਆ। ਹਾਜ਼ਰ ਲੋਕਾਂ ਨੇ ਦੱਸਿਆ ਕਿ ਦੁਪਹਿਰ ਕਰੀਬ 1 ਵਜੇ ਤਿੰਨ ਲੜਕੀਆਂ ਜੋ ਕਿ ਮੋਟਰਸਾਈਕਲ ’ਤੇ ਆਈਆਂ ਅਤੇ ਇੱਥੇ ਖੜ੍ਹੇ ਬਜ਼ੁਰਗ ਨਾਲ ਕੁੱਟਮਾਰ ਕਰ ਕੇ ਉਸ ਕੋਲੋਂ ਤਿੰਨ ਹਜ਼ਾਰ ਰੁਪਏ ਲੁੱਟ ਕੇ ਲੈ ਗਈਆਂ। ਜਦੋਂ ਸਬਜ਼ੀ ਵੇਚਣ ਵਾਲਿਆਂ ਨੇ ਬਜ਼ੁਰਗ ਦੀ ਮਦਦ ਕਰਨੀ ਚਾਹੀ ਤਾਂ ਲੜਕੀਆਂ ਨੇ ਧਮਕੀ ਦਿੱਤੀ ਕਿ ਉਹ ਉਨ੍ਹਾਂ ਉੱਪਰ ਛੇੜਛਾੜ ਦਾ ਇਲਜ਼ਾਮ ਲਗਾ ਦੇਣਗੀਆਂ।
ਦੂਸਰੇ ਮਾਮਲੇ ਵਿੱਚ ਪਿੰਡ ਮਲਕ ’ਚ ਇੱਕ ਘਰ ਵਿੱਚ ਕਿਰਾਏ ’ਤੇ ਰਹਿੰਦੀਆਂ ਔਰਤਾਂ ਬਾਰੇ ਪਤਾ ਲੱਗਾ ਹੈ। ਇਨ੍ਹਾਂ ਔਰਤਾਂ ਦਾ ਗਰੋਹ ਜੋ ਭੋਲੇ-ਭਾਲੇ ਲੋਕਾਂ ਨੂੰ ਜਬਰ-ਜਨਾਹ ਦੇ ਦੋਸ਼ਾਂ ਵਿੱਚ ਫਸਾ ਕੇ ਲੱਖਾਂ ਰੁਪਏ ਵਸੂਲ ਰਿਹਾ ਹੈ। ਇਸੇ ਤਰ੍ਹਾਂ ਦਾ ਇੱਕ ਗਰੋਹ ਸਿਧਵਾਂ ਬੇਟ ਤੋਂ ਮਲਕ ਨੂੰ ਆਉਂਦੇ ਰਸਤੇ ’ਤੇ ਸੇਮ ਨਾਲੇ ਦੇ ਕਿਨਾਰੇ ਰਹਿੰਦਾ ਹੈ। ਇਸ ਗਰੋਹ ਵੱਲੋਂ ਵੀ ਭੋਲੇ ਭਾਲੇ ਲੋਕਾਂ ਨੂੰ ਜਾਲ ’ਚ ਫਸਾਏ ਜਾਣ ਦੀ ਚਰਚਾ ਹੈ। ਦੂਸਰੇ ਪਾਸੇ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਉਹ ਪਰਿਵਾਰਕ ਬਦਨਾਮੀ ਦੇ ਡਰੋਂ ਪੁਲੀਸ ਕੋਲ ਸ਼ਿਕਾਇਤ ਵੀ ਨਹੀਂ ਕਰ ਸਕਦੇ ਹਨ, ਇਸ ਕਰ ਕੇ ਲੁੱਟ-ਖੋਹ ਦਾ ਸ਼ਿਕਾਰ ਹੋਏ ਬਹੁ-ਗਿਣਤੀ ਲੋਕ ਪੁਲੀਸ ਕੋਲ ਜਾਣ ਤੋਂ ਕੰਨੀ ਕਰਤਾਉਂਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਪੁਲੀਸ ਨੇ ਲੁਟੇਰੇ ਤਾਂ ਕੀ ਫੜਨੇ ਹਨ, ਉਲਟਾ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ’ਚ ਵਾਧਾ ਹੋ ਜਾਣਾ ਹੈ। ਸਮਾਜ ਸੇਵੀ ਵਿਅਕਤੀਆਂ ਅਮਨਦੀਪ ਸਿੰਘ, ਮਨਦੀਪ ਸਿੰਘ ਤੇ ਤਰਸੇਮ ਸਿੰਘ ਆਦਿ ਦਾ ਕਹਿਣਾ ਹੈ ਕਿ ਪੁਲੀਸ ਲੋਕਾਂ ਨਾਲ ਸਾਂਝ ਪੈਦਾ ਕਰੇ ਤਾਂ ਜੋ ਲੋਕ ਖ਼ੁਦ ਪੁਲੀਸ ਦੀ ਮਦਦ ਲਈ ਅੱਗੇ ਆਉਣ, ਨਹੀਂ ਤਾਂ ਅੰਦਰਖਾਤੇ ਅਪਰਾਧ ਦਰ ਵਧਦੀ ਰਹੇਗੀ। ਲੜਕੀਆਂ ਵਾਲੇ ਗਰੋਹ ਨੇ ਮਲਕ ਰੋਡ ਕੋਲੇ ਇੱਕ ਦੁਕਾਨਦਾਰ ਦਾ ਸਾਮਾਨ ਵੀ ਧੱਕੇ ਨਾਲ ਚੁੱਕਿਆ ਹੈ।
ਉੱਧਰ, ਇਸ ਸਬੰਧੀ ਗੱਲ ਕਰਨ ’ਤੇ ਜਗਰਾਉਂ ਦੇ ਡੀਐੱਸਪੀ ਦਲਜੀਤ ਸਿੰਘ ਵਿਰਕ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ ਪਰ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਮਲਕ ਤੇ ਪੋਨੇ ਦੇ ਲੋਕਾਂ ਨੇ ਐੱਸਐੱਸਪੀ ਕੋਲੋਂ ਮੰਗੀ ਸੁਰੱਖਿਆ
ਜਗਰਾਉਂ: ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਅਧਿਕਾਰ ਖੇਤਰ ਵਿੱਚ ਨਿੱਤ ਹੋ ਰਹੀਆਂ ਵਾਰਦਾਤਾਂ ਨੂੰ ਲੈ ਕੇ ਪਿੰਡ ਮਲਕ ਅਤੇ ਪੋਨਾ ਦੇ ਪਤਵੰਤਿਆਂ ਦਾ ਵਫਦ ਐੱਸਐੱਸਪੀ ਦੀਪਕ ਹਿਲੋਰੀ ਨੂੰ ਮਿਲਿਆ। ਵਫਦ ਦੀ ਅਗਵਾਈ ਕਰ ਰਹੇ ਦੀਦਾਰ ਸਿੰਘ ਮਲਕ, ਸ਼ਿੰਦਰਪਾਲ ਸਿੰਘ, ਸੇਵਾ ਸਿੰਘ, ਗੁਰਮੇਲ ਸਿੰਘ, ਹਰਪ੍ਰੀਤ ਸਿੰਘ ਪੋਨਾ ਆਦਿ ਨੇ ਐੱਸਐੱਸਪੀ ਦੀਪਕ ਹਿਲੋਰੀ ਨੂੰ ਇਲਾਕੇ ਵਿੱਚ ਸਰਗਰਮ ਲੁੱਟ-ਖੋਹ ਕਰਨ ਵਾਲੇ ਗਰੋਹਾਂ ਬਾਰੇ ਜਾਣਕਾਰੀ ਦਿੱਤੀ । ਯਾਦ ਰਹੇ ਕਿ ਪਿੰਡ ਮਲਕ’ਚ ਕੁੱਝ ਦਿਨ ਪਹਿਲਾਂ ਲੁੱਟੇਰਿਆਂ ਨੇ ਇੱਕ ਘਰ ਨੂੰ ਲੁੱਟ ਖਸੁੱਟ ਕਰਨ ਲਈ ਨਿਸ਼ਾਨਾ ਬਣਾਇਆ ਹੋਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਲੁਟੇਰੇ ਗੱਡੀਆਂ ਦੀਆਂ ਚਾਬੀਆਂ ਵਗੈਰਾ ਨਾਲ ਲੈ ਗਏ ਸਨ। ਇਸੇ ਤਰ੍ਹਾਂ ਅਗਲੀ ਰਾਤ ਪਿੰਡ ਪੋਨਾ ’ਚ ਗੁਰੂੁ ਘਰ ਸਮੇਤ ਇੱਕ-ਦੋ ਘਰਾਂ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਡਰੇ-ਸਹਿਮੇ ਲੋਕਾਂ ਨੇ ਐੱਸਐੱਸਪੀ ਦੀਪਕ ਹਿਲੋਰੀ ਨੂੰ ਹਲਕੇ ’ਚ ਪੁਲੀਸ ਸਰਗਰਮੀਆਂ ਵਧਾਉਣ ਦੀ ਅਪੀਲ ਕੀਤੀ। ਐੱਸਐੱਸਪੀ ਨੇ ਦੋਹਾਂ ਮਾਮਲਿਆਂ ਸਬੰਧੀ ਕੇਸ ਦਰਜ ਕਰਵਾਏ ਅਤੇ ਅਧਿਕਾਰੀਆਂ ਨੂੰ ਲੁਟੇਰਿਆਂ ਦੀ ਸ਼ਨਾਖਤ ਕਰ ਕੇ ਹਿਰਾਸਤ ’ਚ ਲੈਣ ਦੀ ਹਦਾਇਤ ਕੀਤੀ। ਡੀਐੱਸਪੀ ਦਲਜੀਤ ਸਿੰਘ ਵਿਰਕ, ਡੀਐੱਸਪੀ ਅਨਿਲ ਭਨੋਟ ਨੇ ਚੋਰਾਂ ਨੂੰ ਜਲਦੀ ਹਿਰਾਸਤ ’ਚ ਲੈਣ ਦਾ ਭਰੋਸਾ ਦਿੱਤਾ।