ਦੇਵਿੰਦਰ ਸਿੰਘ ਜੱਗੀ
ਪਾਇਲ, 20 ਸਤੰਬਰ
ਥਾਣਾ ਪਾਇਲ ਅਧੀਨ ਪੈਂਦੀ ਪੁਲੀਸ ਚੌਕੀ ਰੌਣੀ ਨੇੜਿਓਂ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਲੁਟੇਰੇ ਦੁਪਹਿਰ ਸਮੇਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਪਾਸੋਂ ਦਾਹ ਮਾਰ ਕੇ 52,500 ਹਜ਼ਾਰ ਰੁਪਏ ਦੀ ਨਗਦੀ, ਮੋਬਾਈਲ, ਸਿੰਮ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਮਲੌਦ ਤੋਂ ਪੱਤਰਕਾਰ ਸੰਤੋਸ਼ ਕੁਮਾਰ ਸਿੰਗਲਾ ਕਮਿਊਨੀਕੇਸ਼ਨ ਦੀ ਜੀਓ ਟੈਲੀਕਾਮ ਕੰਪਨੀ ਦੇ ਦੋ ਮੁਲਾਜ਼ਮ ਮੋਜਸ ਸਿੰਘ ਪੁੱਤਰ ਬੋਹੜ ਸਿੰਘ, ਵਾਸੀ ਪਿੰਡ ਸੋਮਲਖੇੜੀ ਤੇ ਕੁਲਵਿੰਦਰ ਸਿੰਘ ਪੁੱਤਰ ਚਰਨ ਸਿੰਘ, ਵਾਸੀ ਪਿੰਡ ਬੇਰਕਲਾਂ ਦੁਪਹਿਰ 2.14 ਵਜੇ ਪਿੰਡ ਰੌਣੀ ਤੋਂ ਉਗਰਾਹੀ ਕਰ ਕੇ ਪਿੰਡ ਜਰਗ ਵੱਲ ਜਾ ਰਹੇ ਸਨ ਕਿ ਪੁਲੀਸ ਚੌਕੀ ਰੌਣੀ ਨਜ਼ਦੀਕ ਵਿਸ਼ਵਕਰਮਾ ਮੰਦਿਰ ਵਾਲੇ ਮੋੜ ’ਤੇ ਉਹ ਆਪਣਾ ਮੋਟਰਸਾਈਕਲ ਸਾਈਡ ’ਤੇ ਲਗਾ ਕੇ ਪਿਸ਼ਾਬ ਕਰਨ ਲੱਗੇ ਤਾਂ ਪਿੱਛੋਂ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ’ਤੇ ਮੂੰਹ ਬੰਨ੍ਹ ਕੇ ਆਏ ਤਿੰਨ ਅਣਪਛਾਤੇ ਲੁਟੇਰੇ ਦਾਹ ਮਾਰਕੇ ਉਨ੍ਹਾਂ ਪਾਸੋਂ 52,500 ਹਜ਼ਾਰ ਰੁਪਏ, ਮੋਬਾਈਲ ਸਿੰਮ, ਵੀਵੋ ਕੰਪਨੀ ਦੇ ਮੋਬਾਈਲ, ਆਧਾਰ ਕਾਰਡ ਤੇ ਹੋਰ ਜ਼ਰੂਰੀ ਕਾਗਜ਼ਾਤ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਡੀਐੱਸਪੀ ਖੰਨਾ ਮਨਜੀਤ ਸਿੰਘ, ਸੀਆਈਏ ਸਟਾਫ਼ ਖੰਨਾ ਦੇ ਮੁਖੀ ਇੰਸਪੈਕਟਰ ਹੇਮੰਤ ਕੁਮਾਰ, ਥਾਣਾ ਮੁਖੀ ਐੱਸਐੱਚਓ ਅਮਰੀਕ ਸਿੰਘ, ਪੁਲੀਸ ਚੌਕੀ ਰੌਣੀ ਦੇ ਏਐੱਸਆਈ ਹਰਮੀਤ ਸਿੰਘ ਨੇ ਤਫ਼ਤੀਸ਼ ਆਰੰਭ ਕਰ ਦਿੱਤੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ। ਲੁਟੇਰਾ ਗਰੋਹ ਦੇ ਸ਼ਿਕਾਰ ਹੋਏ ਜੀਓਜੀ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਪੁਲੀਸ ਚੌਕੀ ਰੌਣੀ ਵਿੱਚ ਰਿਪੋਰਟ ਲਿਖਵਾ ਦਿੱਤੀ ਗਈ ਹੈ।