ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜੂਨ
ਪਿੰਡ ਵਾਰਨਹਾੜਾ ਵਿੱਚ ਪਿਸਤੌਲ ਦਿਖਾ ਕੇ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਦੌਰਾਨ ਲੁਟੇਰਿਆਂ ਦਾ ਮੋਟਰਸਾਈਕਲ ਕੰਧ ’ਚ ਜਾ ਟਕਰਾਇਆ। ਇਸ ਦੌਰਾਨ ਇੱਕ ਲੁਟੇਰੇ ਨੂੰ ਤਾਂ ਕਾਬੂ ਕਰ ਲਿਆ ਗਿਆ ਪਰ ਦੂਸਰਾ ਲੁਟੇਰਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਲਾਜ ਦੌਰਾਨ ਸਿਵਲ ਹਸਪਤਾਲ ’ਚ ਜ਼ਖਮੀ ਲੁਟੇਰੇ ਲਖਵਿੰਦਰ ਸਿੰਘ ਦੀ ਮੌਤ ਹੋ ਗਈ। ਪੀਏਯੂ ਦੀ ਪੁਲੀਸ ਨੇ ਲੁਟੇਰਿਆਂ ਦੇ ਕਬਜ਼ੇ ’ਚੋਂ 32 ਬੋਰ ਦੀ ਰਿਵਾਲਵਰ ਤੇ 6 ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਨੇ ਇਸ ਮਾਮਲੇ ’ਚ ਵਾਰਨਹਾੜਾ ਪਿੰਡ ਦੇ ਰਹਿਣ ਵਾਲੇ ਪਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਪੀਏਯੂ ’ਚ ਜਲੰਧਰ ਦੇ ਬੁਰਜ ਵਾਸੀ ਹਰਪ੍ਰੀਤ ਸਿੰਘ ਤੇ ਮਜਾਰਾ ਖੁਰਦ ਵਾਸੀ ਲਖਵਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਹਰਪ੍ਰੀਤ ਸਿੰਘ ਨੂੰ ਅਦਾਲਤ ’ਚ ਪੇਸ਼ ਕਰ 2 ਦਿਨਾਂ ਰਿਮਾਂਡ ’ਤੇ ਭੇਜ ਦਿੱਤਾ ਹੈ।