ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਫਰਵਰੀ
ਨਜ਼ਦੀਕੀ ਪਿੰਡ ਮਾਣੂੰਕੇ ਇਕ ਵਾਰ ਫਿਰ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਚਰਚਾ ’ਚ ਆ ਗਿਆ ਹੈ। ਇਸ ਪਿੰਡ ਦੇ ਪਿਛੋਕੜ ਵਾਲੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਵਜੀਤ ਕੌਰ ਮਾਣੂੰਕੇ ਨੇ ਪਿਛਲੇ ਦਿਨੀਂ ਪਿੰਡ ਦੀ ਧੀ ਹੋਣ ਦੇ ਨਾਤੇ ਚੋਣ ਜਲਸਾ ਕਰਕੇ ਵੋਟਾਂ ਮੰਗੀਆਂ। ਉਪਰੰਤ ਦੋ ਦਿਨ ਪਹਿਲਾਂ ਲੋਕ ਇਨਸਾਫ਼ ਪਾਰਟੀ ਦੀ ਉਮੀਦਵਾਰ ਤੇਜਿੰਦਰ ਕੌਰ ਤੇਜੀ ਸੰਧੂ ਇਸੇ ਪਿੰਡ ਪਹੁੰਚ ਕੇ ਲੋਕਾਂ ਦਾ ਸਾਥ ਮੰਗਿਆ। ਅੱਜ ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਵੀ ਪਿੰਡ ਮਾਣੂੰਕੇ ’ਚ ਦਸਤਕ ਦੇ ਕੇ ਸੇਵਾ ਦਾ ਇਕ ਮੌਕਾ ਮੰਗਿਆ ਹੈ। ਇਥੇ ਆਮ ਆਦਮੀ ਪਾਰਟੀ ਖ਼ਿਲਾਫ਼ ਗਰਜਦਿਆਂ ਉਨ੍ਹਾਂ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਫ਼ੈਸਲਿਆਂ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਡੱਲਾ ’ਚ ਵੀ ਇਕ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕੀਤਾ। ਸ਼ਾਮ ਸਮੇਂ ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਚੋਣ ਮੀਟਿੰਗਾਂ ਕੀਤੀਆਂ। ਜਗਰਾਉਂ ਦੇ 23 ਵਾਰਡਾਂ ’ਚੋਂ 17 ’ਚ ਕਾਂਗਰਸ ਦੇ ਕੌਂਸਲਰ ਹਨ, ਜਿਨ੍ਹਾਂ ਜੱਗਾ ਹਿੱਸੋਵਾਲ ਦੀ ਚੋਣ ਮੁਹਿੰਮ ਸੰਭਾਲ ਲਈ ਹੈ।