ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 21 ਸਤੰਬਰ
ਮੰਗਲਵਾਰ ਸਵੇਰੇ ਇਕ ਘੰਟੇ ਦੇ ਜ਼ੋਰਦਾਰ ਮੀਂਹ ਨੇ ਜਗਰਾਉਂ ਜਲਥਲ ਕਰ ਦਿੱਤਾ। ਸ਼ਹਿਰ ਦੇ ਮੁੱਖ ਬਾਜ਼ਾਰ ਅਤੇ ਸੜਕਾਂ ਪਾਣੀ ’ਚ ਡੁੱਬ ਗਈਆਂ। ਇਨ੍ਹਾਂ ਬਾਜ਼ਾਰਾਂ ਤੇ ਸੜਕਾਂ ’ਚ ਭਰਿਆ ਮੀਂਹ ਦਾ ਇਹ ਪਾਣੀ ਨਿਕਲਣ ਵਿੱਚ ਕਈ ਘੰਟੇ ਲੱਗੇ। ਜ਼ੋਰਦਾਰ ਮੀਂਹ ਨੇ ਕਿਸਾਨਾਂ ਦੇ ਵੀ ਸਾਹ ਸੂਤੇ ਕਿਉਂਕਿ ਜ਼ਿਆਦਾ ਮੀਂਹ ਝੋਨੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਧਰ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਇਕ ਵਾਰ ਫਿਰ ਪਾਣੀ ਭਰ ਗਿਆ ਜਿਸ ਕਰਕੇ ਅਦਾਲਤਾਂ, ਐੱਸਡੀਐੱਮ ਦਫ਼ਤਰ, ਵਧੀਕ ਡਿਪਟੀ ਕਮਿਸ਼ਨਰ ਦਫ਼ਤਰ, ਤਹਿਸੀਲਦਾਰ ਆਦਿ ਕੋਲ ਕੰਮ ਆਉਣ ਵਾਲੇ ਲੋਕਾਂ ਨੂੰ ਖੁਆਰ ਹੋਣਾ ਪਿਆ। ਮੀਂਹ ਪੈਣ ਤੋਂ ਫੌਰੀ ਬਾਅਦ ਕੀਤੇ ਗਏ ਦੌਰੇ ਦੌਰਾਨ ਦੇਖਣ ਨੂੰ ਮਿਲਿਆ ਕਿ ਕਮਲ ਚੌਕ ਦੁਆਲੇ ਪੂਰੀ ਤਰ੍ਹਾਂ ਪਾਣੀ ਭਰ ਗਿਆ ਹੈ। ਉਥੇ ਨੇੜੇ ਸਥਿਤ ਸਦਨ ਮਾਰਕੀਟ, ਅਨਾਰਕਲੀ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ ਰੋਡ, ਪੁਰਾਣੀ ਦਾਣਾ ਮੰਡੀ ਆਦਿ ਥਾਵਾਂ ’ਤੇ ਵੀ ਪਾਣੀ ਕਈ ਫੁੱਟ ਚੜ੍ਹਿਆ ਹੋਇਆ ਸੀ। ਨਗਰ ਕੌਂਸਲ ਭਾਵੇਂ ਸੀਵਰੇਜ ਤੇ ਨਾਲਿਆਂ ਦੀ ਸਫ਼ਾਈ ਕਰਵਾ ਕੇ ਨਿਕਾਸੀ ਦੇ ਪੁਖਤਾ ਪ੍ਰਬੰਧਾਂ ਦਾ ਦਾਅਵਾ ਕਰ ਚੁੱਕੀ ਹੈ ਪਰ ਇਸ ਮੀਂਹ ਨੇ ਇਨ੍ਹਾਂ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਲਾਕੇ ਦੇ ਕਈ ਖੇਤਾਂ ’ਚ ਵੀ ਮੀਂਹ ਦਾ ਪਾਣੀ ਭਰਿਆ ਦੇਖਿਆ ਗਿਆ। ਜਿਹੜੇ ਨੀਵੇਂ ਖੇਤ ਹਨ ਉਥੇ ਵਧੇਰੇ ਪਾਣੀ ਨੇ ਮਾਰ ਕੀਤੀ। ਕਿਸਾਨ ਪ੍ਰੀਤਮ ਸਿੰਘ, ਜੁਗਰਾਜ ਸਿੰਘ, ਪਰਮਜੀਤ ਸਿੰਘ ਤੇ ਹੋਰਨਾਂ ਨੇ ਸ਼ਾਮ ਤੱਕ ਬੱਦਲਵਾਈ ’ਤੇ ਫਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਹੋਰ ਮੀਂਹ ਝੋਨੇ ਸਮੇਤ ਦੂਜੀਆਂ ਫ਼ਸਲਾਂ ਦਾ ਨੁਕਸਾਨ ਕਰ ਸਕਦਾ ਹੈ। ਪੁਰਾਣੀ ਦਾਣਾ ਮੰਡੀ ਦੇ ਵਪਾਰੀਆਂ ਰਾਜ ਕੁਮਾਰ ਭੱਲਾ, ਵਿਪਨ ਕੁਮਾਰ ਤੇ ਹੋਰਨਾਂ ਨੇ ਕਿਹਾ ਕਿ ਇਸ ਮੰਡੀ ’ਚੋਂ ਕਰੋੜਾਂ ਦਾ ਕਾਰੋਬਾਰ ਹੁੰਦਾ ਹੈ ਪਰ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਜਿਸ ਕਰਕੇ ਵਪਾਰੀ ਵਰਗ ’ਚ ਨਿਰਾਸ਼ਾ ਹੈ।
ਮੌਨਸੂਨ ਸੈਸ਼ਨ ’ਚ ਹੁਣ ਤੱਕ ਔਸਤਨ 600 ਦੇ ਮੁਕਾਬਲੇ 640 ਐੱਮਐੱਮ ਮੀਂਹ ਪਿਆ
ਲੁਧਿਆਣਾ (ਸਤਵਿੰਦਰ ਬਸਰਾ): ਸਨਅਤੀ ਸ਼ਹਿਰ ਲੁਧਿਆਣਾ ਵਿੱਚ ਲੁਧਿਆਣਾ ਵਿੱਚ ਰੁਕ ਰੁਕ ਕੇ ਪਿਛਲੇ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਮਾਹਿਰਾਂ ਅਨੁਸਾਰ ਮੌਨਸੂਨ ਸੀਜ਼ਨ ’ਚ ਅੱਜ ਤੱਕ ਔਸਤਨ 600 ਐੱਮਐੱਮ ਦੇ ਮੁਕਾਬਲੇ 640 ਐੱਮਐੱਮ ਮੀਂਹ ਪੈ ਚੁੱਕਾ ਹੈ ਜਦਕਿ ਇਕੱਲੇ ਲੁਧਿਆਣਾ ਵਿੱਚ ਸਤੰਬਰ ਮਹੀਨੇ ’ਚ 180 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਪੀਏਯੂ ਮਾਹਿਰ ਅਨੁਸਾਰ ਆਉਂਦੇ ਦੋ ਦਿਨ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਪਿਛਲੇ ਦੋ ਦਿਨਾਂ ਤੋਂ ਰੁਕ ਰੁਕ ਕਿ ਪੈ ਰਹੇ ਮੀਂਹ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਲਈ ਵੱਧ ਮੁਸੀਬਤ ਬਣ ਕੇ ਆਇਆ ਹੈ। ਮੰਗਲਵਾਰ ਵੀ ਸਵੇਰ ਸਮੇਂ ਤੋਂ ਮੀਂਹ ਪੈਂਦਾ ਰਿਹਾ ਜੋ ਕਰੀਬ 12 ਵਜੇ ਤੱਕ ਜਾਰੀ ਰਿਹਾ। ਇਸ ਤੋਂ ਬਾਅਦ ਭਾਵੇਂ ਕਈ ਵਾਰ ਤਿੱਖੀ ਧੁੱਪ ਵੀ ਨਿਕਲੀ ਪਰ ਆਮ ਤੌਰ ’ਤੇ ਮੌਸਮ ਠੰਡਾ ਹੀ ਰਿਹਾ। ਕਈ ਇਲਾਕਿਆਂ ਵਿੱਚ ਸੜਕਾਂ ਦੇ ਚੱਲ ਰਹੇ ਵਿਕਾਸ ਕੰਮ ਇਸ ਮੀਂਹ ਕਾਰਨ ਪ੍ਰਭਾਵਿਤ ਹੋ ਰਹੇ ਹਨ ਜਿਸ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਏਯੂ ਦੀ ਮੌਸਮ ਮਾਹਿਰ ਡਾ. ਕੇਕੇ ਗਿੱਲ ਅਨੁਸਾਰ ਪਿਛਲੇ 10 ਸਾਲਾਂ ਵਿੱਚ ਸਤੰਬਰ ਮਹੀਨੇ ਸਭ ਤੋਂ ਵੱਧ ਮੀਂਹ 2019 ਵਿੱਚ 265 ਐੱਮਐੱਮ ਅਤੇ ਇਸ ਮਹੀਨੇ ਸਭ ਤੋਂ ਘੱਟ ਮੀਂਹ 2020 ਵਿੱਚ ਸਿਰਫ 14 ਐੱਮਐੱਮ ਪਿਆ। ਇਸ ਵਾਰ 21 ਸਤੰਬਰ ਤੱਕ 180 ਐੱਮਐੱਮ ਮੀਂਹ ਪੈ ਚੁੱਕਾ ਹੈ ਜਦਕਿ ਔਸਤਨ ਮੀਂਹ 105 ਮੰਨਿਆ ਜਾਂਦਾ ਹੈ। ਡਾ. ਗਿੱਲ ਨੇ ਦੱਸਿਆ ਕਿ ਸਾਲ 2018 ਤੋਂ ਮੌਸਮ ਵਿੱਚ ਲਗਾਤਾਰ ਪਰਿਵਰਤਨ ਆ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੇ ਦੋ ਦਿਨ ਵੀ ਮੌਸਮ ਬੱਦਲਵਾਈ ਵਾਲਾ ਬਣਿਆ ਰਹਿ ਸਕਦਾ ਹੈ।