ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 11 ਅਪਰੈਲ
ਇਤਿਹਾਸਕ ਸ਼ਹਿਰ ਮਾਛੀਵਾੜਾ ਵਿੱਚ ਕਰੋੜਾਂ ਰੁਪਏ ਖਰਚ ਕੇ ਇੱਥੋਂ ਦੀਆਂ ਗਲੀਆਂ ਤੇ ਇੰਟਰਲਾਕ ਟਾਈਲਾਂ ਅਤੇ ਸੀਸੀ.ਫਲੋਰਿੰਗ ਸੜਕਾਂ ਬਣਾਈਆਂ ਗਈਆਂ ਪਰ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਗੈਸ ਕੰਪਨੀ ਨੇ ਸ਼ਹਿਰ ਵਿਚ ਗੈਸ ਕੰਪਨੀ ਵੱਲੋਂ ਜ਼ਮੀਨਦੋਜ਼ ਪਾਈਪਾਂ ਪਾ ਕੇ ਘਰਾਂ ਵਿਚ ਸਿੱਧੀ ਗੈਸ ਸਪਲਾਈ ਕਰਨ ਲਈ ਥਾਂ-ਥਾਂ ਤੋਂ ਗਲੀਆਂ ’ਚ ਲੱਗੀਆਂ ਇੰਟਰਲਾਕ ਟਾਈਲ ਅਤੇ ਸੀਸੀ ਫਲੋਰਿੰਗ ਸੜਕਾਂ ਪੁੱਟੀਆਂ ਹੋਈਆਂ ਹਨ। ਪਾਈਪਾਂ ਪਾਈਆਂ ਨੂੰ ਕਈ ਮਹੀਨੇ ਬੀਤ ਗਏ ਪਰ ਨਾ ਤਾਂ ਖੱਡਿਆਂ ’ਚ ਮਿੱਟੀ ਭਰੀ ਗਈ ਅਤੇ ਨਾ ਹੀ ਉਸ ਉੱਪਰ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ। ਮਾਛੀਵਾੜਾ ਦੀਆਂ ਪੌਸ਼ ਕਲੋਨੀਆਂ ਜਿਸ ’ਚ ਦਸਮੇਸ਼ ਨਗਰ, ਗੁਰੂ ਕਲੋਨੀ, ਸੁੰਦਰ ਨਗਰ, ਜੇਐੱਸ ਨਗਰ ਤੋਂ ਇਲਾਵਾ ਸ਼ਹਿਰ ਦੇ ਪੁਰਾਣੇ ਖੇਤਰ ਵਿਚ ਵੀ ਗਲੀਆਂ ਪੁੱਟਣ ਤੋਂ ਬਾਅਦ ਖਿੱਲਰਿਆ ਮਲਬਾ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣਿਆ ਹੋਇਆ ਹੈ। ਕਈ ਥਾਵਾਂ ’ਤੇ ਹਾਲਾਤ ਇਹ ਹਨ ਕਿ ਡੂੰਘੇ ਖੱਡਿਆਂ ’ਤੇ ਮਿੱਟੀ ਭਰ ਦਿੱਤੀ ਗਈ ਪਰ ਜਦੋਂ ਕੋਈ ਵਿਅਕਤੀ ਜਾਂ ਵਾਹਨ ਇਸ ਉੱਪਰੋਂ ਗੁਜ਼ਰਦਾ ਹੈ ਤਾਂ ਮਿੱਟੀ ਧਸਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਹ ਇਸ ਸਬੰਧੀ ਨਗਰ ਕੌਂਸਲ ’ਚ ਜਾ ਕੇ ਅਧਿਕਾਰੀਆਂ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ। ਇੱਥੋਂ ਦੇ ਵਾਸੀ ਪ੍ਰਿੰ. ਡੀਡੀ ਵਰਮਾ, ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ, ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕੌਂਸਲ ਵੱਲੋਂ ਕੋਈ ਵੀ ਗੰਭੀਰਤਾ ਨਹੀਂ ਦਿਖਾਈ ਗਈ।
ਕੰਪਨੀ ਨੂੰ ਸਖ਼ਤ ਲਹਿਜ਼ੇ ਵਾਲਾ ਪੱਤਰ ਜਾਰੀ ਕਰਾਂਗੇ: ਕਾਰਜਸਾਧਕ ਅਫ਼ਸਰ
ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਮਨਦੀਪ ਸਿੰਘ ਨੇ ਕਿਹਾ ਕਿ ਜ਼ਮੀਨਦੋਜ਼ ਪਾਈਪਾਂ ਪਾਉਣ ਤੋਂ ਬਾਅਦ ਗੈਸ ਕੰਪਨੀ ਵੱਲੋਂ ਪੁੱਟੀਆਂ ਗਲੀਆਂ ਦੀ ਮੁਰੰਮਤ ਕਰਨੀ ਹੈ। ਇਸ ਸਬੰਧੀ ਉਹ ਕੰਪਨੀ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਗੈਸ ਕੰਪਨੀ ਨੂੰ ਸਖ਼ਤੀ ਭਰੇ ਲਹਿਜ਼ੇ ਵਾਲਾ ਪੱਤਰ ਜਾਰੀ ਕਰੇਗੀ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਤੁਰੰਤ ਸੜਕਾਂ ਦੀ ਮੁਰੰਮਤ ਕਰਵਾਉਣ ਨਹੀਂ ਤਾਂ ਉਨ੍ਹਾਂ ਦੀ ਬੈਂਕ ਗਾਰੰਟੀ ਵਜੋਂ ਜੋ ਰਾਸ਼ੀ ਪਈ ਉਸ ਨੂੰ ਕਾਨੂੰਨੀ ਕਾਰਵਾਈ ਕਰਕੇ ਮੁਰੰਮਤ ਲਈ ਅਮਲ ਵਿਚ ਲਿਆਂਦਾ ਜਾਵੇਗਾ।