ਨਿੱਜੀ ਪੱਤਰ ਪ੍ਰੇਰਕ
ਖੰਨਾ, 22 ਨਵੰਬਰ
ਇਥੋਂ ਦੇ ਲਲਹੇੜੀ ਰੋਡ ਸਥਿਤ ਰੇਲਵੇ ਲਾਈਨੋਂ ਪਾਰ ਇਲਾਕੇ ਦੇ ਮੇਨ ਰੋਡ ਦੇ ਰੁਕੇ ਨਿਰਮਾਣ ਕਾਰਜਾਂ ਅਤੇ ਸੀਵਰੇਜ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੇ ਰੇਲਵੇ ਪੁਲ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ। ਇਸ ਨਾਲ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਲੋਕਾਂ ਨੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਭੋਗਣ ਲਈ ਮਜਬੂਰ ਹਨ। ਥਾਂ-ਥਾਂ ਪਏ ਟੋਇਆਂ ਅਤੇ ਚਿੱਕੜ ਕਾਰਨ ਹਰ ਸਮੇਂ ਕਿਸੇ ਭਿਆਨਕ ਬਿਮਾਰੀ ਦੇ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਖੰਨਾ ਸ਼ਹਿਰ ਵਿਚ ਵੱਡੇ-ਵੱਡੇ ਵਿਕਾਸ ਦੇ ਦਾਅਵੇ ਕਰਦੇ ਹਨ, ਪਰ ਉਨ੍ਹਾਂ ਕਦੇ ਲਾਈਨੋਂ ਪਾਰ ਇਲਾਕੇ ਵਿਚ ਆ ਕੇ ਦੇਖਣ ਦੀ ਖੇਚਲ ਨਹੀਂ ਕੀਤੀ। ਇਸ ਮੌਕੇ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਸੁਖਵੰਤ ਸਿੰਘ ਟਿੱਲੂ ਅਤੇ ਭਾਜਪਾ ਦੇ ਕਾਰਜਕਾਰਨੀ ਮੈਂਬਰ ਅਨੁਜ ਛਾਹੜੀਆਂ ਨੇ ਕਿਹਾ ਕਿ ਕਾਂਗਰਸ ਨੇ ਕੇਂਦਰ ਦੀ ਅਮਰੂਤ ਯੋਜਨਾ ਨੂੰ ਵੀ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਇਲਾਕੇ ਦੇ ਲੋਕ ਮਜਬੂਰ ਹੋ ਕੇ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਸੜਕ ਨਿਰਮਾਣ ਦਾ ਕੰਮ ਸ਼ੁਰੂ ਹੋਣ ਉਪਰੰਤ ਹੀ ਧਰਨਾ ਖ਼ਤਮ ਕੀਤਾ ਜਾਵੇਗਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਨੇ ਕਿਹਾ ਕਿ ਧਰਨਾ ਖ਼ਤਮ ਹੋ ਚੁੱਕਿਆ ਹੈ, ਸਿਰਫ਼ ਸਿਆਸਤਦਾਨ ਹੀ ਬੈਠੇ ਹਨ। ਉਨ੍ਹਾਂ ਕਿਹਾ ਕਿ ਨਿਰਮਾਣ ਸਮੱਗਰੀ ਪੁੱਜਣੀ ਸ਼ੁਰੂ ਹੋ ਗਈ ਹੈ ਅਤੇ ਜਲਦ ਹੀ ਕੰਮ ਅਰੰਭ ਹੋ ਜਾਵੇਗਾ।